ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 28 ਜੁਲਾਈ
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਤੇ ਕਿਸਾਨ ਭਲਾਈ ਤੇ ਪਰਵਾਸੀ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਨੌਰ ਹਲਕੇ ਲਈ ਅੱਜ ਵੱਡੇ ਤੋਹਫ਼ੇ ਦਿੰਦਿਆਂ ਪਿੰਡਾਂ ਦੇ ਵਿਕਾਸ ਲਈ ਅਹਿਮ ਐਲਾਨ ਕੀਤੇ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਹਿਲਕਦਮੀ ’ਤੇ ਭੁਨਰਹੇੜੀ ਵਿੱਚ ਪੰਚਾਇਤ ਸਮਿਤੀ ਦਫ਼ਤਰ ਦੀ ਇਮਾਰਤ ਦਾ ਉਦਘਾਟਨ ਕਰਨ ਪੁੱਜੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਆਈਆਂ ਸਰਕਾਰਾਂ ਨੂੰ ਚਲਾਉਣ ਵਾਲੀਆਂ ਪਾਰਟੀਆਂ ਨੇ ਲੋਕਾਂ ਨੂੰ ਕੇਵਲ ਵੋਟਾਂ ਲਈ ਵਰਤਿਆ।
50 ਲੱਖ ਰੁਪਏ ਦੀ ਲਾਗਤ ਨਾਲ ਬਣੀ ਇਮਾਰਤ ’ਚ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ’ਤੇ ਲੰਮਾ ਸਮਾਂ ਰਾਜ ਕੀਤਾ ਤੇ ਇਨ੍ਹਾਂ ਦੇ ਪਰਿਵਾਰਕ ਮੈਂਬਰ, ਪ੍ਰਨੀਤ ਕੌਰ ਆਦਿ ਐਮਪੀ ਤੇ ਕੇਂਦਰੀ ਮੰਤਰੀ ਵੀ ਰਹੇ ਪਰ ਇਨ੍ਹਾਂ ਦੇ ਆਪਣੇ ਜ਼ਿਲ੍ਹਿਆਂ ਦੇ ਪਿੰਡ ਅਜੇ ਵੀ ਪਛੜੇ ਹਨ ਤੇ ਹਲਕਾ ਸਨੌਰ ਇਸਦੀ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਤਹਈਆ ਕੀਤਾ ਹੈ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਸਨੌਰ ਹਲਕੇ ਦੇ ਪਿੰਡਾਂ ਲਈ ਅਹਿਮ ਐਲਾਨ ਕਰਦਿਆਂ ਕਿਹਾ ਕਿ ਇਕ ਪਿੰਡ ਇਕ ਸ਼ਮਸ਼ਾਨਘਾਟ ਦੇ ਘੇਰੇ ਹੇਠ ਆਉਣ ਵਾਲੇ ਪਿੰਡ ਨੂੰ ਪੰਜ ਲੱਖ ਰੁਪਏ ਦੀ ਗਰਾਂਟ, 20 ਪਿੰਡਾਂ ’ਚ ਲਾਈਟਾਂ, 30 ਪਿੰਡਾਂ ’ਚ ਥਾਪਰ ਮਾਡਲ ਛੱਪੜ, 10 ਪਿੰਡਾਂ ’ਚ ਮਾਡਲ ਸੱਥਾਂ, 20 ਪਿੰਡਾਂ ’ਚ ਫਿਰਨੀਆਂ, ਕਮਿਊਨਿਟੀ ਸ਼ੈੱਡ ਸਮੇਤ ਹੋਰ ਵੀ ਜੇ ਕੋਈ ਵਿਕਾਸ ਕਾਰਜ ਲੋੜੀਂਦਾ ਹੋਇਆ ਉਹ ਪਹਿਲੇ ਗੇੜ ’ਚ ਕਰਵਾਇਆ ਜਾਵੇਗਾ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪੰਚਾਇਤ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਸਨੌਰ ਹਲਕੇ ਦਾ ਪਛੜਾਪਣ ਜ਼ਰੂਰ ਦੂਰ ਕਰੇਗੀ। ਉਨ੍ਹਾਂ ਮੰਤਰੀ ਨੂੰ ਹਲਕੇ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ।
ਇਸ ਮੌਕੇ ਵਿਧਾਇਕ ਸਾਹਨੇਵਾਲ ਹਰਦੀਪ ਸਿੰਘ ਮੁੰਡੀਆ, ਏਡੀਸੀ ਦਿਹਾਤੀ ਵਿਕਾਸ ਈਸ਼ਾ ਸਿੰਘਲ, ਐੱਸਡੀਐੱਮ ਡਾ. ਇਸਮਤ ਵਿਜੇ ਸਿੰਘ, ਡਿਪਟੀ ਡਾਇਰੈਕਟਰ ਪ੍ਰੀਤ ਮਹਿੰਦਰ ਸਿੰਘ ਸਹੋਤਾ, ਡੀਡੀਪੀਓ ਸੁਖਚੈਨ ਸਿੰਘ ਪਾਪੜਾ, ਡਿਪਟੀ ਸੀਈਓ ਵਿਨੀਤ ਕੁਮਾਰ ਆਦਿ ਹਾਜ਼ਰ ਸਨ।