ਪੱਤਰ ਪ੍ਰੇਰਕ
ਰਾਜਪੁਰਾ, 26 ਅਪਰੈਲ
ਇਥੋਂ ਦੇ ਥਾਣਾ ਸਿਟੀ ਦੀ ਨਵੀਂ ਉਸਾਰੀ ਗਈ ਇਮਾਰਤ ਦੇ ਉਦਘਾਟਨ ਸਬੰਧੀ ਸਮਾਰੋਹ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਦੀ ਦੇਖਰੇਖ ਵਿੱਚ ਕਰਵਾਇਆ ਗਿਆ। ਇਸ ਮੌਕੇ ਆਈਜੀ ਪਟਿਆਲਾ ਰੇਂਜ ਰਾਕੇਸ਼ ਅਗਰਵਾਲ ਅਤੇ ਐੱਸਐੱਸਪੀ ਪਟਿਆਲਾ ਡਾ. ਨਾਨਕ ਸਿੰਘ ਵੱਲੋਂ ਇਮਾਰਤ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾਂ ਥਾਣੇ ਦੀ ਨਵੀਂ ਇਮਾਰਤ ਵਿੱਚ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਨੇ ਕਥਾ ਕੀਰਤਨ ਕੀਤਾ। ਇਸ ਮੌਕੇ ਆਈਜੀ ਰਾਕੇਸ਼ ਅਗਰਵਾਲ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ’ਤੇ ਕਾਬੂ ਪਾਉਣ ਲਈ ਸ਼ਹਿਰ ਵਿੱਚ ਅੱਜ ਸੀਸੀ ਟੀਵੀ ਕੈਮਰਿਆਂ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਇਨ੍ਹਾਂ ਕੈਮਰਿਆਂ ਨਾਲ ਪੁਲੀਸ ਆਪਣੇ ਕੰਟਰੋਲ ਰੂਮ ਵਿੱਚ ਬੈਠ ਕੇ ਸ਼ਹਿਰ ਦੇ ਚੱਪੇ-ਚੱਪੇ ਦੀ ਨਿਗਰਾਨੀ ਕਰੇਗੀ। ਉਨ੍ਹਾ ਕਿਹਾ ਕਿ ਸ਼ਹਿਰ ਵਿੱਚ ਸੜਕੀ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਟਰੈਫਿਕ ਪੁਲੀਸ ਦੀ ਨਫਰੀ ਵਿੱਚ ਵਾਧਾ ਕੀਤਾ ਜਾਵੇਗਾ। ਇਸ ਮੌਕੇ ਐੱਸਪੀ ਤਫਤੀਸ਼ ਪਟਿਆਲਾ ਡਾ. ਮਹਿਤਾਬ ਸਿੰਘ, ਥਾਣਾ ਮੁਖੀ ਸਦਰ ਅਮਨਦੀਪ ਤਰੀਕਾ, ਟਰੈਫਿਕ ਇੰਚਾਰਜ ਗੁਰਬਚਨ ਸਿੰਘ, ਸਹਾਇਕ ਥਾਣੇਦਾਰ ਅਵਤਾਰ ਸਿੰਘ, ਵਿਜੇ ਕੁਮਾਰ ਭਾਟੀਆ ਮੌਜੂਦ ਸਨ।