ਪੱਤਰ ਪ੍ਰੇਰਕ
ਦੇਵੀਗੜ੍ਹ, 22 ਅਗਸਤ
ਪੰਜਾਬ ਦੀ ‘ਆਪ’ ਸਰਕਾਰ ਪਿੰਡਾਂ ਦੇ ਹਸਪਤਾਲਾਂ ਅਤੇ ਸਕੂਲਾਂ ਦੀ ਹਾਲਤ ਸੁਧਾਰਨ ਲਈ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਮਿਊਨਿਟੀ ਹੈਲਥ ਸੈਂਟਰ ਦੁਧਨਸਾਧਾਂ ਵਿੱਚ ਨਵੇਂ ਗੱਦਿਆਂ ਨਾਲ ਲੈਸ ਐਮਰਜੈਂਸੀ ਵਾਰਡ ਦਾ ਉਦਘਾਟਨ ਕਰਨ ਉਪਰੰਤ ਕੀਤਾ। ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ‘ਆਪ’ ਦੀ ਸਰਕਾਰ ਕੋਲ ਪੈਸਿਆਂ ਦੀ ਘਾਟ ਹੋਣ ਕਰਕੇ ਸਰਕਾਰ ਬਹੁਤੇ ਪੈਸੇ ਖਰਚ ਨਹੀਂ ਸਕਦੀ, ਇਸ ਲਈ ਉਨ੍ਹਾਂ ਨੇ ਆਪਣੇ ਵੱਲੋਂ ਹਲਕਾ ਸਨੌਰ ਐਨਆਰਆਈ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਪਿੰਡਾਂ ਦੇ ਸਕੂਲਾਂ ਵਿੱਚ ਸੋਲਰ ਪੈਕ ਅਤੇ ਏਸੀ ਲਗਵਾਉਣ ਤਾਂ ਕਿ ਜਿਹੜੇ ਸਕੂਲਾਂ ਵਿਚੋਂ ਤੁਸੀਂ ਪੜ੍ਹ ਕੇ ਬਾਹਰ ਗਏ ਹੋ ਉਨ੍ਹਾਂ ਸਕੂਲਾਂ ਦੇ ਬੱਚੇ ਵੀ ਚੰਗੀ ਪੜ੍ਹਾਈ ਕਰਕੇ ਚੰਗੇ ਅਫ਼ਸਰ ਲੱਗ ਸਕਣ। ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਸਰਕਾਰੀ ਹਸਪਤਾਲ ਦੁੱਧਨਸਾਧਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦਾ ਭਰੋਸਾ ਦਵਾਇਆ ਅਤੇ ਜਿਹੜੇ ਚੰਗੇ ਡਾਕਟਰਾਂ ਦੀ ਇਥੋਂ ਬਦਲੀ ਕੀਤੀ ਜਾ ਰਹੀ ਹੈ ਉਸ ਨੂੰ ਰੁਕਵਾਇਆ ਜਾਵੇਗਾ। ਇਸ ਮੌਕੇ ਹਰਦੇਵ ਸਿੰਘ ਘੜਾਮ, ਗੁਰਪ੍ਰੀਤ ਸਿੰਘ ਗੁਰੀ, ਬਲਦੇਵ ਸਿੰਘ ਦੇਵੀਗੜ੍ਹ, ਐੱਸਐੱਮ.ਓ. ਡਾ. ਪ੍ਰਸ਼ਾਂਤ ਗੌਤਮ, ਡਾ. ਅਨੁਜ ਬਾਂਸਲ, ਡਾ. ਹਰਨੀਤਇੰਦਰ ਕੌਰ, ਡਾ. ਤਰੰਨੁਮ, ਡਾ. ਮੋਹਿਤ ਗੋਇਲ, ਡਾ. ਅਮਨਦੀਪ ਸਿੰਘ ਸੋਹਲ, ਡਾ. ਤੇਜਿੰਦਰ ਰਿਸ਼ੀ, ਗੁਰਵਿੰਦਰ ਬੀ.ਈ.ਈ., ਹਰਜੀਤ ਸਿੰਘ ਆਦਿ ਹਾਜ਼ਰ ਸਨ।