ਪੱਤਰ ਪ੍ਰੇਰਕ
ਡਕਾਲਾ, 3 ਜਨਵਰੀ
ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਵੱਲੋਂ ਪਿੰਡ ਮਵੀਸੱਪਾਂ ਵਿੱਚ 80 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ ਅਤੇ ਕਰਜ਼ਾ ਮੁਆਫ਼ੀ ਦੇ ਚੈੱਕ ਵੀ ਵੰਡੇ। ਇਸ ਮੌਕੇ ਉਨ੍ਹਾਂ ਵੱਲੋਂ ਪਿੰਡ ਨੂੰ ਹੁਣ ਤੱਕ ਦਿੱਤੀ ਗਈ ਤਕਰੀਬਨ 80 ਲੱਖ ਰੁਪਏ ਦੀ ਗਰਾਂਟ ਨਾਲ ਬਣੀਆਂ ਗਲੀਆਂ-ਨਾਲੀਆਂ, ਸ਼ਮਸ਼ਾਨਘਾਟ, ਕਮਊਨਿਟੀ ਹਾਲ, ਛੱਪੜ, ਸੀਵਰੇਜ ਦਾ ਕੰਮ, ਫ਼ਿਰਨੀ ਤੇ ਆਂਗਣਵਾੜੀ ਸੈਂਟਰ ਦਾ ਉਦਘਾਟਨ ਕੀਤਾ ਗਿਆ ਅਤੇ 106 ਗਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਵੀ ਦਿੱਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ 50 ਬੇਜਮੀਨੇ ਗਰੀਬ ਪਰਿਵਾਰਾਂ ਨੂੰ 4 ਲੱਖ ਦੇ ਕਰਜ਼ਾ ਮੁਆਫੀ ਚੈੱਕ ਵੀ ਵੰਡੇ। ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਦੱਸਿਆ ਕਿ 4 ਕਰੋੜ 50 ਲੱਖ ਦੀ ਲਾਗਤ ਨਾਲ ਮਵੀਸੱਪਾਂ, ਰਾਜਲਾ, ਧਨੌਰੀ, ਖੇੜਕੀ, ਕਰਹਾਲੀ ਸਾਹਿਬ ਵਾਲੀ ਸੜਕ 18 ਫੁੱਟੀ ਬਣਾਈ ਗਈ ਹੈ। ਇਸ ਮੌਕੇ ਬਲਾਕ ਸਮਿਤੀ ਪਟਿਆਲਾ ਦੇ ਚੇਅਰਮੈਨ ਤਰਸੇਮ ਸਿੰਘ ਝੰਡੀ, ਕਿਸਾਨ ਆਗੂ ਬਲਬੀਰ ਸਿੰਘ, ਸਰਪੰਚ ਕ੍ਰਿਸ਼ਨ ਸਿੰਘ, ਯਾਦਵਿੰਦਰ ਸਿੰਘ ਧਨੋਰੀ, ਧਰਮਹੇੜੀ ਦੇ ਸਰਪੰਚ ਹਰਚਰਨ ਸਿੰਘ ,ਕਰਹਾਲੀ ਸਾਹਿਬ ਦੇ ਸਰਪੰਚ ਰਣਜੀਤ ਸਿੰਘ ਆਦਿ ਹਾਜ਼ਰ ਸਨ।