ਗੁਰਨਾਮ ਸਿੰਘ ਚੌਹਾਨ
ਪਾਤੜਾਂ, 30 ਜੁਲਾਈ
ਇਲਾਕੇ ਵਿੱਚ ਅੱਜ ਸਵੇਰੇ ਹੋਈ ਬਰਸਾਤ ਦੌਰਾਨ ਸ਼ਹਿਰ ਵਿੱਚ ਦੋ ਥਾਵਾਂ ਉੱਤੇ ਸੜਕ ਦੇ ਕਿਨਾਰੇ ਧਸ ਗਏ ਹਨ। ਸੜਕ ਕਿਨਾਰੇ ਪਏ ਟੋਇਆਂ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਬਰਸਾਤ ਰੁਕ ਜਾਣ ਦੇ ਬਾਵਜੂਦ ਮਾਰਕੀਟ ਕਮੇਟੀ ਪਾਤੜਾਂ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੇ ਇਨ੍ਹਾਂ ਟੋਇਆਂ ਨੂੰ ਬੰਦ ਕਰਨ ਦੀ ਜ਼ਰੂਰਤ ਨਹੀਂ ਸਮਝੀ। ਸ਼ਹਿਰ ਦੇ ਚੁਨਾਗਰਾ ਰੋਡ ਉੱਤੇ ਮੱਛੀ ਪਾਲਣ ਦੇ ਨਜ਼ਦੀਕ ਅਨਾਜ ਮੰਡੀ ਤੋਂ ਝੰਬੋ ਵਾਲੀ ਚੋਅ ਤੱਕ ਬਰਸਾਤ ਦਾ ਪਾਣੀ ਪਾਉਣ ਲਈ ਪਾਏ ਗਏ ਸੀਵਰੇਜ ਦਾ ਪਾਈਪ ਕੁਝ ਦਿਨ ਪਹਿਲਾਂ ਟੁੱਟ ਜਾਣ ਕਾਰਨ ਜ਼ਮੀਨ ਧਸ ਗਈ ਸੀ ਜਿਸ ਦੌਰਾਨ ਬਿਜਲੀ ਦਾ ਇੱਕ ਟਰਾਂਸਫਾਰਮਰ ਵੀ ਉਸ ਵਿੱਚ ਡਿੱਗ ਜਾਣ ਕਾਰਨ ਕੁਝ ਘੰਟੇ ਬਿਜਲੀ ਸਪਲਾਈ ਬੰਦ ਰਹੀ। ਮਾਰਕੀਟ ਕਮੇਟੀ ਵੱਲੋਂ ਬੇਸ਼ੱਕ ਸੀਵਰੇਜ ਦਾ ਪਾਈਪ ਠੀਕ ਕਰਕੇ ਮਿੱਟੀ ਪਾ ਦਿੱਤੀ ਗਈ ਪਰ ਸੜਕ ਕਿਨਾਰੇ ਰਹਿੰਦਾ ਕੁਝ ਟੋਇਆ ਅੱਜ ਹੋਈ ਬਰਸਾਤ ਦੌਰਾਨ ਹੋਰ ਵਧ ਗਿਆ। ਦੂਜੇ ਪਾਸੇ ਮਾਰਕੀਟ ਕਮੇਟੀ ਦੀ ਕੰਧ ਦੇ ਨਾਲ ਲੱਗਦੀ ਸਿਟੀ ਪੁਲੀਸ ਚੌਕੀ ਦੇ ਸਾਹਮਣੇ ਲੰਘਦੀ ਸੜਕ ਉੱਤੇ ਵੀ ਜ਼ਮੀਨ ਧਸ ਗਈ। ਇਸ ਸੜਕ ਉੱਤੇ ਕੁਝ ਦਿਨ ਪਹਿਲਾਂ ਹੀ ਮਾਰਕੀਟ ਕਮੇਟੀ ਪਾਤੜਾਂ ਵੱਲੋਂ ਪ੍ਰੀਮਿਕਸ ਪਾ ਕੇ ਕੰਮ ਮੁਕੰਮਲ ਕੀਤਾ ਗਿਆ ਸੀ। ਮਾਰਕੀਟ ਕਮੇਟੀ ਪਾਤੜਾਂ ਅਧੀਨ ਆਉਂਦੇ ਖੇਤਰਾਂ ’ਚ ਦੋ ਥਾਵਾਂ ’ਤੇ ਸੜਕਾਂ ਵਿਚਕਾਰ ਪਏ ਟੋਏ ਬਰਸਾਤ ਨੂੰ ਮੁੱਖ ਰੱਖ ਕੇ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ੍ਹਦੇ ਹਨ। ਲੋਕਾਂ ਦੀ ਮੰਗ ਹੈ ਕਿ ਸੜਕਾਂ ’ਤੇ ਪਏ ਟੋਇਆਂ ਨੂੰ ਜਲਦੀ ਬੰਦ ਕੀਤਾ ਜਾਵੇ। ਇਸ ਸਬੰਧੀ ਮਾਰਕੀਟ ਕਮੇਟੀ ਪਾਤੜਾਂ ਦੇ ਸਕੱਤਰ ਕੁਲਵੰਤ ਸਿੰਘ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਰਾਬਤਾ ਨਹੀਂ ਹੋ ਸਕਿਆ।