ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਮਾਰਚ
ਪਟਿਆਲਾ ਜ਼ਿਲ੍ਹਾ, ਜਿੱਥੋਂ ਦੇ ਸਾਰੇ ਅੱਠ ਹਲਕਿਆਂ ’ਤੇ ’ਆਪ’ ਦੇ ਉਮੀਦਵਾਰ ਜੇਤੂ ਰਹੇ ਹਨ,ਵਿੱਚ ਸਭ ਨਾਲ਼ੋਂ ਵੱਧ ਲੀਡ ਡਾ. ਬਲਬੀਰ ਸਿੰਘ ਦੀ ਹੈ। ਉਹ, ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਇਕ ਚੁਣੇ ਗਏ ਹਨ। ਉਂਜ ਇਹ ਜ਼ਿਲ੍ਹੇ ਦਾ ਸਭ ਨਾਲ਼ੋਂ ਵੱਧ ਵੋਟਾਂ ਵਾਲ਼ਾ ਹਲਕਾ ਹੈ। ਜਿਥੋਂ ਦੀਆਂ ਪੋਲ ਹੋਈਆਂ ਕੁੱਲ 148486 ਵੋਟਾਂ ਵਿੱਚੋਂ 77155 ਵੋਟਾਂ ਹਾਸਲ ਕਰ ਕੇ ਡਾ. ਬਲਬੀਰ ਸਿੰਘ ਨੇ 53,474 ਦੀ ਲੀਡ ਹਾਸਲ ਕਰਕੇ ਜ਼ਿਲ੍ਹੇ ’ਚ ਸਭ ਤੋਂ ਮੋਹਰੀ ਰਹੇ ਹਨ। ਉਨ੍ਹਾਂ ਨੇ ਛੇ ਵਾਰ ਵਿਧਾਇਕ ਰਹਿ ਚੁੱਕੇ ਵਰਤਮਾਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਫਰਜੰਦ ਮੋਹਿਤ ਮਹਿੰਦਰਾ ਨੂੰ ਹਰਾਇਆ ਹੈ। ਲੀਡ ਦੇ ਪੱਖ ਤੋਂ ਇਸ ਜ਼ਿਲ੍ਹੇ ’ਚ ਦੂਜਾ ਨੰਬਰ ਰਾਖਵੇਂ ਹਲਕੇ ਨਾਭਾ ਦੇ ਨਵੇਂ ਵਿਧਾਇਕ ਦੇਵ ਮਾਨ ਦਾ ਹੈ ਜਿਨ੍ਹਾ ਨੇ ਇਥੇ ਪੋਲ ਹੋਈਆਂ 142264 ਵਿੱਚੋਂ 82053 ਵੋਟਾਂ ਪ੍ਰਾਪਤ ਕਰਕੇ 52371 ਲੀਡ ਹਾਸਲ ਕੀਤੀ ਹੈ। ਉਨ੍ਹਾਂ ਦਾ ਮੁਕਾਬਲੇ ਸਾਧੂ ਸਿੰਘ ਧਰਮਸੋਤ ਤੇ ਅਕਾਲੀ ਦਲ ਦੇ ਕਬੀਰ ਦਾਸ ਦੇ ਨਾਲ਼ ਸੀ। ਤੀਜਾ ਨੰਬਰ ਵੀ ਰਾਖਵੇਂ ਹਲਕੇ ਸ਼ੁਤਰਾਣਾ ਦੇ ਕੁਲਵੰਤ ਸਿੰਘ ਬਾਜ਼ੀਗਰ ਨੂੰ ਜਾਂਦਾ ਹੈ। ਇਸ ਹਲਕੇ ਦੀਆਂ ਪੋਲ ਹੋਈਆਂ 137898 ਵੋਟਾਂ ਵਿਚੋਂ 81751 ਵੋਟਾਂ ਪ੍ਰਾਪਤ ਕਰਦਿਆਂ,ਉੁਸ ਨੇ 51554 ਵੋਟਾਂ ਦੀ ਲੀਡ ਹਾਸਲ ਕੀਤੀ। ਸਨੌਰ ਹਲਕੇ ਦੇ ਹਰਮੀਤ ਪਠਾਣਮਾਜਰਾ ਨੇ 49122 ਵੋਟਾਂ ਦੀ ਲੀਡ ਹਾਸਲ ਕਰਦਿਆਂ, ਇਸ ਪੱਖੋ ਚੌਥਾ ਸਥਾਨ ਪਾਇਆ ਹੈ। ਜ਼ਿਲ੍ਹੇ ’ਚ ਵੋਟਾਂ ਦੀ ਗਿਣਤੀ ਪੱਖੋਂ ਦੂਸਰੇ ਨੰਬਰ ’ਤੇ ਆਉਂਦੇ ਸਨੌਰ ’ਚ ਵੋਟਾਂ ਪੋਲ ਹੋਈਆਂ ਸਨ। ਇਸ ਹਲਕੇ ’ਚ ਪੋਲ ਹੋਈਆਂ 165017 ਵਿਚੋਂ ਪਠਾਣਮਾਜਰਾ ਨੇ 83893 ਵੋਟਾਂ ਪ੍ਰਾਪਤ ਕਰ ਕੇ ਅਕਾਲੀ ਉਮੀਦਵਾਰ ਹਰਿੰਦਰ ਚੰਦੂਮਾਜਰਾ ਨੂੰ ਮਾਤ ਦਿੱਤੀ। ਵੋਟਾਂ ਦੀ ਲੀਡ ਪੱਖੋਂ ਸਮਾਣਾ ਦੇ ਵਿਧਾਇਕ ਬਣੇ ਚੇਤਨ ਸਿੰਘ ਜੌੜਾਮਾਜਰਾ ਦਾ ਪੰਜਵਾਂ ਨੰਬਰ ਹੈ। ਇੱਥੋਂ ਦੀਆਂ 148473 ਵਿਚੋਂ 74375 ਵੋਟਾਂ ਹਾਸਲ ਕਰਕੇ ਉਸ ਨੇ 39713 ਵੋਟਾਂ ਦੀ ਲੀਡ ਪ੍ਰਾਪਤ ਕੀਤੀ ਹੈ। ਘਨੌਰ ਦੇ ਵਿਧਾਇਕ ਬਣੇ ਗੁਰਲਾਲ ਘਨੌਰ ਨੇ ਲੀਡ ਦੇ ਪੱਖ ਤੋਂ ਜ਼ਿਲ੍ਹੇ ’ਚ ਛੇਵਾਂ ਸਥਾਨ ਪਾਇਆ ਹੈ। ਕਿਉਂਕਿ ਘਨੌਰ ਦੀਆਂ 130491 ਵੋਟਾਂ ‘ਚੋਂ ਗੁਰਲਾਲ ਨੇ 62783 ਵੋਟਾਂ ਪ੍ਰਾਪਤ ਕਰਕੇ 31765 ਵੋਟਾਂ ਦੀ ਲੀਡ ਹਾਸਲ ਕੀਤੀ ਹੈ। ਸੱਤਵੇਂ ਸਥਾਨ ’ਤੇ ਰਾਜਪੁਰਾ ਦੀ ਨੀਨਾ ਮਿੱਤਲ ਆਉਂਦੀ ਹੈ। ਉਸ ਨੇ 135884 ਵਿੱਚੋਂ 54834 ਵੋਟਾਂ ਲਈਆਂ ਹਨ ਤੇ ਲੀਡ 22493 ਰਹੀ। ਲੀਡ ਪੱਖੋਂ ਅੱਠਵਾਂ ਸਥਾਨ ਪਟਿਆਲਾ ਸ਼ਹਿਰੀ ਹਲਕੇ ਤੋਂ ਸਭ ਤੋਂ ਵੱਡੇ ਥੰਮ੍ਹ ਕੈਪਟਨ ਅਮਰਿੰਦਰ ਸਿੰਘ ਹਰਾਉਣ ਵਾਲ਼ੇ ਅਜੀਤਪਾਲ ਸਿੰਘ ਕੋਹਲੀ ਦਾ ਆਉਂਦਾ ਹੈ। ਉਸ ਦੀ ਲੀਡ 19,873 ਹੈ। ਕਿਉਂਕਿ 103630 ਵਿੱਚੋਂ ਕੋਹਲੀ ਨੇ 48104 ਵੋਟਾਂ ਪ੍ਰਾਪਤ ਕੀਤੀਆਂ ਹਨ। ਲੀਡ ਭਾਵੇਂ ਕਿ ਸਭ ਤੋਂ ਵੱਧ ਡਾ. ਬਲਬੀਰ ਸਿੰਘ ਦੀ ਰਹੀ ਹੈ। ਪਰ ਜ਼ਿਲ੍ਹੇ ’ਚ ਸਭ ਤੋਂ ਵੱਧ 83893 (50.84 ਫੀਸਦੀ ) ਵੋਟਾਂ ਸਨੌਰ ਦੇ ਹਰਮੀਤ ਪਠਾਣਮਾਜਰਾ ਨੇ ਹਾਸਲ ਕੀਤੀਆਂ ਪਰ ਵੋਟ ਪ੍ਰਤੀਸ਼ਤਤਾ ਦੇ ਲਿਹਾਜ ਨਾਲ਼ ਸ਼ੁਤਰਾਣਾ ਦੇ ਕੁਲਵੰਤ ਬਾਜ਼ੀਗਰ ਹਨ ਜਿਨ੍ਹਾਂ 59.35 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ। ਪ੍ਰਤੀਸ਼ਤਤਾ ਤਹਿਤ ਦੂਜਾ ਨੰਬਰ ਨਾਭਾ ਦੇ ਦੇਵ ਮਾਨ ਦਾ ਆਉਂਦਾ ਹੈ ਜਿਸ ਨੇ 57.45 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ। ਇਸ ਪੱਖੋਂ ਤੀਜੇ ਨੰਬਰ ’ਤੇ ਸਨੌਰ ਦਾ ਹਰਮੀਤ ਪਠਾਣਮਾਜਰਾ ਹੈ, ਜਿਸ ਵੱਲੋਂ ਪ੍ਰਾਪਤ ਵੋਟ ਪ੍ਰੀਤਸ਼ਤਤਾ 50.84 ਹੈ ਜਦਕਿ ਵੋਟ ਪ੍ਰਤੀਸ਼ਤਤਾ ਦੇ ਪੱਖ ਤੋਂ ਚੌਥੇ ਨੰਬਰ ’ਤੇ ਸਮਾਣਾ ਦੇ ਚੇਤਨ ਸਿੰਘ ਜੌੜਾਮਾਜਰਾ ਰਹੇ ਜਿਸ ਦੀ ਵੋਟ ਪ੍ਰਤੀਸ਼ਤਤਾ 50.14 ਫੀਸਦੀ ਹੈ।