ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਜਨਵਰੀ
ਇੱਥੇ ਅੱਜ ਬਿੱਟੂ ਚੱਠਾ ਦੇ ਘਰ ਵਿੱਚ ਸੁਖਬੀਰ ਬਾਦਲ ਦੀ ਹਾਜ਼ਰੀ ਵਿੱਚ ਚੋਣ ਕਮਿਸ਼ਨ ਵੱਲੋਂ ਜਾਰੀ ਕਰੋਨਾ ਤੋਂ ਬਚਾਅ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਕਿਸੇ ਦੇ ਮੂੰਹ ’ਤੇ ਮਾਸਕ ਨਹੀਂ ਸੀ ਅਤੇ ਨਾ ਹੀ ਆਪਸ ਵਿੱਚ ਫ਼ਾਸਲਾ ਰੱਖਿਆ ਗਿਆ।
ਪੰਡਾਲ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਕੱਠ ਸਪੱਸ਼ਟ ਕਰ ਰਿਹਾ ਹੈ ਕਿ ਸਾਡੀ ਜਿੱਤ ਪੱਕੀ ਹੈ। ਇਸ ਵੇਲੇ ਸੀਆਈਡੀ ਵਾਲੇ ਵੀ ਮੌਜੂਦ ਸਨ ਤੇ ਚੋਣ ਕਮਿਸ਼ਨ ਦੇ ਬੰਦਿਆਂ ਨੇ ਵੀ ਵੀਡੀਓ ਬਣਾਈ, ਇੱਥੇ ਮੌਕੇ ’ਤੇ ਖੜ੍ਹੇ ਐੱਸਪੀ (ਸਿਟੀ) ਹਰਪਾਲ ਸਿੰਘ ਨੇ ਕਿਹਾ,‘ਇੱਥੇ ਇਕੱਠ ਕਾਫ਼ੀ ਹੋ ਗਿਆ ਹੈ, ਅਸੀਂ ਵਾਰ ਵਾਰ ਕਹਿ ਰਹੇ ਹਾਂ ਕਿ ਜੇਕਰ ਚੋਣ ਕਮਿਸ਼ਨ ਨੇ ਕੋਈ ਹੁਕਮ ਕੀਤੇ ਤਾਂ ਇਨ੍ਹਾਂ ਖ਼ਿਲਾਫ਼ ਕੋਈ ਵੀ ਕਾਰਵਾਈ ਹੋ ਸਕਦੀ ਹੈ।
ਇੱਥੇ ਦੇਖਣ ਵਿੱਚ ਆਇਆ ਕਿ ਬਿੱਟੂ ਚੱਠਾ ਵੱਲੋਂ ਸੁਖਬੀਰ ਬਾਦਲ ਨੂੰ ਬੁਲਾ ਕੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਾਇਆ ਗਿਆ, ਜਿਸ ਸਮੇਂ ਇੱਥੇ ਭਾਰੀ ਇਕੱਠ ਸੀ, ਨਾ ਹੀ ਕਿਸੇ ਦੇ ਮਾਸਕ ਪਹਿਨਿਆ ਹੋਇਆ ਸੀ। ਸਟੇਜ ਉੱਤੇ ਸੁਖਬੀਰ ਸਿੰਘ ਬਾਦਲ ਸੰਬੋਧਨ ਕਰ ਰਹੇ ਸਨ ਤੇ ਸਟੇਜ ਖਚਾ-ਖਚ ਭਰਿਆ ਹੋਇਆ ਸੀ।
ਇਸ ਬਾਰੇ ਬਿੱਟੂ ਚੱਠਾ ਨੇ ਕਿਹਾ,‘ਅੱਜ ਸਵੇਰੇ ਹੀ ਸੁਖਬੀਰ ਸਿੰਘ ਬਾਦਲ ਦਾ ਪ੍ਰੋਗਰਾਮ ਪਟਿਆਲਾ ਆਉਣ ਦਾ ਬਣਿਆ ਸੀ, ਜਿਸ ਕਰਕੇ ਕੋਈ ਪ੍ਰਬੰਧ ਨਹੀਂ ਕਰ ਸਕੇ, ਜਿਸ ਨੂੰ ਪਤਾ ਲੱਗਾ ਉਹ ਇੱਥੇ ਪੁੱਜਦਾ ਰਿਹਾ, ਅਸੀਂ ਇਹ ਇਕੱਠ ਕਿਸੇ ਨੂੰ ਬੁਲਾ ਕੇ ਨਹੀਂ ਕੀਤਾ ਸਗੋਂ ਜਿਸ ਨੂੰ ਪਤਾ ਲੱਗਾ ਉਹ ਇੱਥੇ ਪੁੱਜਦਾ ਗਿਆ ਪਰ ਇਸ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ। ਜੇਕਰ ਅਸੀਂ ਇਕੱਠ ਕਰਦੇ ਤਾਂ ਕਿਸੇ ਬਾਹਰ ਪੰਡਾਲ ਲਗਾ ਕੇ ਕਰਨਾ ਸੀ,ਇਹ ਤਾਂ ਸਾਡੇ ਘਰ ਵਿਚ ਹੀ ਛੋਟਾ ਜਿਹਾ ਪ੍ਰੋਗਰਾਮ ਕੀਤਾ ਸੀ।’