ਰਵੇਲ ਸਿੰਘ ਭਿੰਡਰ
ਪਟਿਆਲਾ, 17 ਜੁਲਾਈ
ਪੰਜਾਬੀ ਯੂਨੀਵਰਸਿਟੀ ਦੀ ‘ਟੈਲੀਫੋਨ ਡਾਇਰੈਕਟਰੀ-2018’ ’ਚੋਂ ਯੂਨੀਵਰਸਿਟੀ ਦੇ ਕਈ ਅਧਿਕਾਰੀਆਂ ਤੇ ਪ੍ਰੋਫੈਸਰ ਸਾਹਿਬਾਨ ਦੇ ਟੈਲੀਫੋਨ ਨੰਬਰ ਗਾਇਬ ਹੋਣ ਦਾ ਮਾਮਲਾ ਗਰਮਾਉਣ ਲੱਗਾ ਹੈ। ਮਾਮਲਾ ਯੂਨੀਵਰਸਿਟੀ ਦੇ ਹੀ ਇੱਕ ਸਹਾਇਕ ਲੋਕ ਸੰਪਰਕ ਅਫਸਰ ਨੇ ਵਾਈਸ ਚਾਂਸਲਰ ਨੂੰ ਪੱਤਰ ਲਿਖ ਕੇ ਉਠਾਇਆ ਹੈ। ਇਹ ਟੈਲੀਫੋਨ ਡਾਇਰੈਕਟਰੀ ਦੋ ਸਾਲ ਪਹਿਲਾਂ ਲੋਕ ਸੰਪਰਕ ਵਿਭਾਗ ਵੱਲੋਂ ਛਪਵਾਈ ਗਈ ਸੀ। ਜਿਉਂ ਜਿਉਂ ਇਹ ਡਾਇਰੈਕਟਰੀ ਵੱਖ ਵੱਖ ਹੱਥਾਂ ’ਚ ਜਾ ਰਹੀ ਹੈ ਤਾਂ ਇਸ ’ਚੋਂ ਯੂਨੀਵਰਸਿਟੀ ਦੇ ਕਈ ਜ਼ਿੰਮੇਵਾਰ ਅਧਿਕਾਰੀਆਂ ਤੇ ਪ੍ਰੋਫੈਸਰਾਂ ਦੇ ਨੰਬਰ ਗਾਇਬ ਹਨ। ਡਾਇਰੈਕਟਰੀ ਦੇ ਛਪਣ ਦੌਰਾਨ ਮਾਮਲਾ ਉਠੱਣ ’ਤੇ ਉਚ ਪੱਧਰ ’ਤੇ ਇੱਕ ਵਾਰ ਕੋਸ਼ਿਸ਼ ਵੀ ਹੋਈ ਕਿ ਸਮੂਹ ਅਧਿਕਾਰੀ ਜਾਂ ਪ੍ਰੋਫੈਸਰ ਸਾਹਿਬਾਨ ਦੇ ਨੰਬਰ ਛਪਣੇ ਚਾਹੀਦੇ ਹਨ। ਇਸ ਦੇ ਬਾਵਜੂਦ ਮਾਮਲਾ ਠੰਢਾ ਪੈ ਗਿਆ ਤੇ 2019 ਡਾਇਰੈਕਟਰੀ ਛਪਕੇ ਤਿਆਰ ਹੋ ਗਈ। ਇਸ ਡਾਇਰੈਕਟਰੀ ’ਚ ਮੌਜੂਦਾ ਰਜਿਸਟਰਾਰ ਦਾ ਵੀ ਨੰਬਰ ਨਹੀਂ ਹੈ, ਜਦੋਂਕਿ ਰਜਿਸਟਰਾਰ ਪੋਸਟ ਪ੍ਰਬੰਧਕੀ ਲਿਹਾਜ਼ ਤੋਂ ਪ੍ਰਮੁੱਖ ਹੈ। ਜਿਸਦੀ ਯੂਨੀਵਰਸਿਟੀ ’ਚ ਚੌਵੀ ਘੰਟੇ ਮੌਜੂਦਗੀ ਜ਼ਰੂਰੀ ਹੈ। ਯੂਨੀਵਰਸਿਟੀ ਦੇ ਸਹਾਇਕ ਲੋਕ ਸੰਪਰਕ ਅਫਸਰ ਡਾ. ਹਰਮਿੰਦਰ ਸਿੰਘ ਖੋਖਰ ਨੇ ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇ। ਡਾ. ਖੋਖਰ ਨੇ ਦੱਸਿਆ ਕਿ ਡਾਇਰੈਕਟਰੀ ’ਚੋਂ ਉਸਦਾ ਖੁਦ ਦਾ ਟੈਲੀਫੋਨ ਨੰਬਰ ਸਣੇ ਪੱਤਰਕਾਰੀ ਵਿਭਾਗ ਦੇ ਮੁਖੀ ਤੇ ਮੌਜੂਦਾ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਦਾ ਨੰਬਰ ਵੀ ਗਾਇਬ ਹੈ।
ਇਸ ਮਾਮਲੇ ’ਤੇ ਪਖ ਲੈਣ ਜਾਣਨ ਲਈ ਰਜਿਸਟਰਾਰ ਡਾ ਯੋਗਰਾਜ ਨੇ ਫੋਨ ਨਹੀ ਉਠਾਇਆ ਪਰ ਪਬਲੀਕੇਸੰਜ ਬਿਓਰੋ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੋਕ ਸੰਪਰਕ ਦਫ਼ਤਰ ਨੇ ਵਾਚਣਾ ਸੀ, ਪਬਲੀਕੇਸੰਜ਼ ਬਿਓਰੋ ਨੇ ਤਾਂ ਪ੍ਰਵਾਨ ਹੋ ਕੇ ਆਏ ਮਸੌਦੇ ਨੂੰ ਜਿਉਂ ਦਾ ਤਿਉਂ ਛਾਪ ਦੇਣਾ ਹੁੰਦਾ ਹੈ।