ਖੇਤਰੀ ਪ੍ਰਤੀਨਿਧ
ਪਟਿਆਲਾ, 19 ਅਪਰੈਲ
ਪੰਜਾਬੀ ਯੂਨੀਵਰਸਿਟੀ ਵਿੱਚ ਭਾਈ ਘਨ੍ਹੱਈਆ ਸਿਹਤ ਕੇਂਦਰ ਵੱਲੋਂ ਲਵਾਏ ਗਏ ਦਸਵੇਂ ਕੈਂਪ ਦੌਰਾਨ 100 ਜਣਿਆਂ ਦਾ ਟੀਕਾਕਰਨ ਕੀਤਾ ਗਿਆਾ। ਟੀਕੇ ਲਵਾਉਣ ਵਾਲ਼ਿਆਂ ’ਚ ਵਿਦਿਆਰਥੀ, ਕਰਮਚਾਰੀ, ਅਧਿਆਪਕ, ਕੈਂਪਸ ਨਿਵਾਸੀ ਅਤੇ ਫਰੰਟਲਾਈਨ ਵਰਕਰ ਸ਼ਾਮਲ ਸਨ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਭਾਈ ਘਨ੍ਹੱਈਆ ਹੈਲਥ ਸੈਂਟਰ ਦੇ ਇੰਚਾਰਜ ਐੱਸਐੱਮਓ ਡਾ.ਰੇਗੀਨਾ ਮੈਨੀ ਅਤੇ ਸਮੂਹ ਹੈਲਥ ਸੈਂਟਰ ਸਟਾਫ਼ ਦੀ ਸ਼ਲਾਘਾ ਕੀਤੀ ਗਈ। ਕੋਵਿਡ ਸਬੰਧੀ ਜ਼ਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਦਾ ਕਹਿਣਾ ਸੀ ਕਿ ਇਸ ਕੈਂਪ ਵਿੱਚ ਕੋਵੀਸ਼ੀਲਡ ਅਤੇ ਕੋਵੈਕਸੀਨ ਵੈਕਸੀਨ ਦੀ ਪਹਿਲੀ ਅਤੇ ਦੂਜੀ ਡੋਜ਼ ਲਗਾਈ ਗਈ। ਪਿਛਲੇ ਕੈਂਪਾਂ ਨਾਲੋਂ ਇਸ ਕੈਂਪ ਦੀ ਵਿਸ਼ੇਸ਼ਤਾ ਇਹ ਵੀ ਰਹੀ ਕਿ ਇਸ ਦੌਰਾਨ 12 ਤੋਂ 14 ਸਾਲ ਉਮਰ ਦੇ ਵਿਦਿਆਰਥੀਆਂ ਲਈ ਕੋਰਵੀਵੈਕਸ ਅਤੇ 15 ਤੋਂ 18 ਸਾਲ ਦੇ ਉਮਰ ਦੇ ਵਿਦਿਆਰਥੀਆਂ ਲਈ ਕੋਵੈਕਸੀਨ ਦਾ ਟੀਕਾਕਰਨ ਵੀ ਕੀਤਾ ਗਿਆ। ਕੈਂਪ ਵਿੱਚ ਵਿਸ਼ੇਸ਼ ਤੌਰ ਉੱਤੇ ਪੁੱਜੇ ਡੀਨ ਅਕਾਦਮਿਕ ਡਾ. ਬਲਵੀਰ ਸਿੰਘ ਸੰਧੂ ਨੇ ਕਿਹਾ ਕਿ ਇਸ ਨਾਲ ਕੈਂਪਸ ਨਾਲ਼ ਜੁੜੇ ਲੋਕਾਂ ਨੂੰ ਕਰੋਨਾ ਵਿਰੁੱਧ ਲੜਨ ਲਈ ਮਦਦ ਮਿਲਦੀ ਹੈ। ਉਨ੍ਹਾਂ ਨੇ ਸਿਹਤ ਕੇਂਦਰ ਦੇ ਸਟਾਫ਼ ਦਾ ਇਸ ਸਬੰਧੀ ਵਿਸ਼ੇਸ਼ ਧੰਨਵਾਦ ਕੀਤਾ