ਗੁਰਨਾਮ ਸਿੰਘ ਚੌਹਾਨ
ਪਾਤੜਾਂ, 28 ਜੂਨ
ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਰੇਹੜੀਆਂ-ਫੜ੍ਹੀਆਂ ਵਾਲਿਆਂ ਦੀ ਬਦੌਲਤ ਟਰੈਫਿਕ ਵਿੱਚ ਪੈਂਦੇ ਵਿਘਨ ਤੋਂ ਲੋਕ ਬੇਹੱਦ ਦੁਖੀ ਹਨ। ਲੋਕਾਂ ਨੂੰ ਆਉਂਦੀ ਮੁਸ਼ਕਿਲ ਦੇ ਹੱਲ ਲਈ ਟਰੈਫਿਕ ਪੁਲੀਸ ਵੱਲੋਂ ਰੇਹੜੀਆਂ-ਫੜ੍ਹੀਆਂ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ।
ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਕਾਹਨਗੜ੍ਹ ਰੋਡ ਤੋਂ ਸ਼ਹੀਦ ਭਗਤ ਸਿੰਘ ਚੌਕ ਤੱਕ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਦੇ ਦੋਵੇਂ ਪਾਸੇ ਸਰਵਿਸ ਰੋਡ ’ਤੇ ਫਲਾਂ ਤੇ ਸਬਜ਼ੀਆਂ ਸਣੇ ਹੋਰ ਵੱਖ ਵੱਖ ਤਰ੍ਹਾਂ ਦਾ ਸਾਮਾਨ ਵੇਚਣ ਵਾਲਿਆਂ ਨੇ ਰੇਹੜੀਆਂ ਲਾਈਆਂ ਹੁੰਦੀਆਂ ਹਨ। ਬਾਜ਼ਾਰ ਵਿੱਚ ਸਾਮਾਨ ਖਰੀਦਣ ਆਏ ਲੋਕਾਂ ਦੀਆਂ ਖੜ੍ਹਦੀਆਂ ਗੱਡੀਆਂ ਰਾਹਗੀਰਾਂ ਲਈ ਮੁਸ਼ਕਿਲ ਪੇਸ਼ ਕਰਦੀਆਂ ਹਨ। ਮੁੱਖ ਮਾਰਗ ਦੇ ਨਾਲ ਦੋਵੇਂ ਪਾਸੇ ਸ਼ਹਿਰ ਦਾ ਮੇਨ ਬਾਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਤੇ ਸ਼ਮਸ਼ਾਨਘਾਟ ਅਤੇ ਮਾਰਕੀਟਾਂ ਵਿੱਚੋਂ ਪਿੰਡਾਂ ਦੇ ਲੋਕ ਖਰੀਦੋ ਫਰੋਖਤ ਲਈ ਆਉਂਦੇ ਹਨ। ਭੀੜ ਭੜੱਕਾ ਹੋਣ ਕਰਕੇ ਲੰਘਣ ਵਾਲੇ ਰਾਹੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਟ੍ਰੈਫਿਕ ਪੁਲੀਸ ਪਾਤੜਾਂ ਵੱਲੋਂ ਕੌਮੀ ਮੁੱਖ ਮਾਰਗ ਉੱਤੇ ਖੜ੍ਹਦੀਆਂ ਗੱਡੀਆਂ ਅਤੇ ਰੇਹੜੀਆਂ, ਫੜ੍ਹੀਆਂ ਵਾਲਿਆਂ ਉੱਤੇ ਕੀਤੀਆਂ ਅਪੀਲਾਂ ਦਾ ਕੋਈ ਅਸਰ ਨਹੀਂ ਹੋ ਰਿਹਾ।
ਸ਼ਹਿਰ ਵਿੱਚ ਪਾਰਕਿੰਗ ਦੀ ਸਮੱਸਿਆ: ਟਰੈਫਿਕ ਪੁਲੀਸ
ਟਰੈਫਿਕ ਪੁਲੀਸ ਦੇ ਇੰਚਾਰਜ ਹਰਦੇਵ ਸਿੰਘ ਨੇ ਕਿਹਾ ਕਿ ਸ਼ਹਿਰ ਵਿਚ ਪਾਰਕਿੰਗ ਦੀ ਸਮੱਸਿਆ ਹੋਣ ਕਾਰਨ ਜਿੱਥੇ ਦੁਕਾਨਦਾਰਾਂ ਅਤੇ ਲੋਕਾਂ ਦੀਆਂ ਗੱਡੀਆਂ ਕੌਮੀ ਮੁੱਖ ਮਾਰਗ ਉੱਤੇ ਖੜ੍ਹਦੀਆਂ ਹਨ ਉੱਥੇ ਸਰਵਿਸ ਰੋਡ ਉੱਤੇ ਰੇਹੜੀਆਂ, ਫੜੀਆਂ ਕਰਕੇ ਲੋਕਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ। ਉਨ੍ਹਾਂ ਰਾਹਗੀਰਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਗੱਡੀਆਂ, ਰੇਹੜੀਆਂ, ਫੜ੍ਹੀਆਂ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਹੈ। ਜੇਕਰ ਉਹ ਬਾਜ਼ ਨਾ ਆਏ ਤਾਂ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।