ਪੱਤਰ ਪ੍ਰੇਰਕ
ਦੇਵੀਗੜ੍ਹ, 5 ਮਾਰਚ
ਮਾਈਨਿੰਗ ਵਿਭਾਗ ਨੇ ਲੰਘੇ ਕੱਲ੍ਹ ਪਿੰਡ ਹਰੀਗੜ੍ਹ ਅਤੇ ਅਲੀਪੁਰ ਸਿੱਖਾਂ ਵਿੱਚ ਛਾਪਾ ਮਾਰਿਆ। ਮੌਕੇ ’ਤੇ ਜੇਸੀਬੀ ਛੱਡ ਕੇ ਮੁਲਜ਼ਮ ਭੱਜ ਗਏ।
ਥਾਣਾ ਜੁਲਕਾਂ ਦੇ ਮੁਖੀ ਇੰਸਪੈਕਟਰ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਮਾਈਨਿੰਗ ਵਿਭਾਗ ਦੇ ਕੁਝ ਅਧਿਕਾਰੀਆਂ ਨੇ ਆਪਣੇ ਹੋਰ ਕਰਮਚਾਰੀਆਂ ਨਾਲ ਪਿੰਡ ਹਰੀਗੜ੍ਹ ਅਤੇ ਅਲੀਪੁਰ ਸਿੱਖਾਂ ਵਿੱਚ ਛਾਪੇ ਮਾਰੇ। ਪਿੰਡ ਹਰੀਗੜ੍ਹ ਨੇੜੇ ਟਾਂਗਰੀ ਦਰਿਆ ’ਤੇ ਜੇਸੀਬੀ ਮਸ਼ੀਨ ਨਾਲ ਡਰਾਈਵਰ ਨਾਜਾਇਜ਼ ਮਾਈਨਿੰਗ ਕਰ ਰਿਹਾ ਸੀ, ਜੋ ਜੇਸੀਬੀ ਮਸ਼ੀਨ ਛੱਡ ਕੇ ਭੱਜ ਗਿਆ। ਅਧਿਕਾਰੀ ਨਿਸ਼ਾਂਤ ਗਰਗ ਨੇ ਇਸ ਮਸ਼ੀਨ ਨੂੰ ਕਬਜ਼ੇ ’ਚ ਲੈ ਕੇ ਥਾਣੇ ਬੰਦ ਕਰਵਾ ਦਿੱਤਾ।
ਇਸੇ ਤਰ੍ਹਾਂ ਹਰਸ਼ਪ੍ਰੀਤ ਸਿੰਘ ਉਪ ਮੰਡਲ ਅਧਿਕਾਰੀ ਨੇ ਆਪਣੇ ਹੋਰ ਕਰਮਚਾਰੀਆਂ ਨਾਲ ਪਿੰਡ ਅਲੀਪੁਰ ਸਿੱਖਾਂ ਨੇੜੇ ਛਾਪਾ ਮਾਰਿਆ ਜਿੱਥੇ ਇੱਕ ਜੇਸੀਬੀ ਅਤੇ ਦੋ ਟਰੈਕਟਰ ਟਰਾਲੀਆਂ ਨਾਲ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ।
ਅਧਿਕਾਰੀਆਂ ਨੂੰ ਦੇਖ ਕੇ ਡਰਾਈਵਰ ਭੱਜ ਗਏ ਪਰ ਅਧਿਕਾਰੀਆਂ ਨੇ ਮੌਕੇ ਤੋਂ ਜੇਸੀਬੀ ਮਸ਼ੀਨ ਅਤੇ ਦੋ ਟਰੈਕਟਰ ਜ਼ਬਤ ਕੀਤੇ। ਅਧਿਕਾਰੀਆਂ ਦੀ ਸ਼ਿਕਾਇਤ ’ਤੇ ਥਾਣਾ ਜੁਲਕਾਂ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।