ਬਹਾਦਰ ਸਿੰਘ
ਰਾਜਪੁਰਾ, 9 ਦਸੰਬਰ
ਆਬਕਾਰੀ ਵਿਭਾਗ ਵੱਲੋਂ ਬੀਤੀ ਦੇਰ ਰਾਤ ਇੱਕ ਗੁਦਾਮ ਵਿੱਚ ਬੇਪਰਦ ਕੀਤੀ ਗਈ ਨਾਜਾਇਜ਼ ਸ਼ਰਾਬ ਫੈਕਟਰੀ ਦੇ ਮਾਮਲੇ ’ਚ ਪੁਲੀਸ ਨੇ ਅਣਗਹਿਲੀ ਵਰਤਣ ਦੇ ਦੋਸ਼ ਹੇਠ ਐੱਸਐੱਚਓ ਨੂੰ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਟਿਆਲਾ ਦੇ ਜ਼ਿਲ੍ਹਾ ਪੁਲੀਸ ਮੁਖੀ ਵਿਕਰਮਜੀਤ ਦੁੱਗਲ ਨੇ ਥਾਣਾ ਸਿਟੀ ਰਾਜਪੁਰਾ ਦੇ ਐੱਸਐੱਚਓ ਬਲਵਿੰਦਰ ਸਿੰਘ ਨੂੰ ਤੁਰੰਤ ਮੁਅੱਤਲ ਕਰਕੇ ਐੱਸਪੀ ਜਾਂਚ, ਡੀਐੱਸਪੀ ਜਾਂਚ, ਡੀਐੱਸਪੀ ਰਾਜਪੁਰਾ ਤੋਂ ਇਲਾਵਾ ਸੀਆਈਏ ਸਟਾਫ ਦੇ ਇੰਚਾਰਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਅਜਿਹੇ ਮਸਲਿਆਂ ਵਿੱਚ ਜ਼ਿਲ੍ਹਾ ਪੁਲੀਸ ਦੇ ਕਿਸੇ ਵੀ ਅਧਿਕਾਰੀ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਬਕਾਰੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਥਾਣਾ ਸਿਟੀ ਰਾਜਪੁਰਾ ’ਚ ਧਾਰਾਵਾਂ 420, 465, 471 ਤੇ ਆਬਕਾਰੀ ਐਕਟ ਦੀਆਂ ਧਰਾਵਾਂ 61, 78 (2)/1/14 ਤਹਿਤ ਦੁਪੇਸ਼ ਗਰੋਵਰ ਵਾਸੀ ਰਾਜਪੁਰਾ ਤੇ ਕਾਰਜ ਸਿੰਘ ਵਾਸੀ ਸ਼ਮਸਪੁਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਰਾਜਪੁਰਾ ਸਣੇ ਪੂਰੇ ਜ਼ਿਲ੍ਹੇ ’ਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ’ਚ ਲੱਗੇ ਵਿਅਕਤੀਆਂ ਦੇ ਸਮੁੱਚੇ ਨੈਟਵਰਕ ਦੀ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਸਾਹਮਣੇ ਆਏ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਆਬਕਾਰੀ ਵਿਭਾਗ ਨੇ ਇੱਥੋਂ ਦੇ ਪਟਿਆਲਾ-ਸਰਹਿੰਦ ਬਾਈਪਾਸ ਕੋਲ ਇੱਕ ਗੁਦਾਮ ’ਤੇ ਛਾਪਾ ਮਾਰ ਕੇ ਉਥੋਂ ਦੇਸੀ ਸ਼ਰਾਬ ਤਿਆਰ ਕਰਨ ਦੀ ਨਾਜਾਇਜ਼ ਫੈਕਟਰੀ ਨੂੰ ਬੇਪਰਦ ਕੀਤਾ ਸੀ। ਇਸ ਦੌਰਾਨ 20 ਹਜ਼ਾਰ ਲਿਟਰ ਈਐੱਨਏ ਦਾ ਭਰਿਆ ਟੈਂਕਰ, ਵੱਡੀ ਮਾਤਰਾ ’ਚ ਦੇਸੀ ਸ਼ਰਾਬ ਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਸੀ।