ਖੇਤਰੀ ਪ੍ਰਤੀਨਿਧ
ਸਨੌਰ, 31 ਦਸੰਬਰ
ਦੋ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਹਲਕਾ ਸਨੌਰ ਦੇ ਚਰਚਿਤ ਆਗੂ ਤੇ ਸਾਬਕਾ ਚੇਅਰਮੈਨ ਹਰਮੀਤ ਸਿੰਘ ਪਠਾਣਮਾਜਰਾ ਦਾ ਕਹਿਣਾ ਹੈ ਕਿ ਉਹ ਲੋਕ ਹਿੱਤਾਂ ਨੂੰ ਸਮਰਪਿਤ ਆਮ ਆਦਮੀ ਪਾਰਟੀ ਦੀ ਹਲਕਾ ਸਨੌਰ ਸਮੇਤ ਹੋਰ ਆਸੇ ਪਾਸੇ ਹੋਰ ਵਧੇਰੇ ਮਜ਼ਬੂਤੀ ਲਈ ਜੀਅ ਜਾਨ ਨਾਲ ਕੰਮ ਕਰਨਗੇ। ਉਨ੍ਹਾਂ ਦਾ ਕਹਿਣਾ ਕਿ ਅਸਲ ’ਚ ਲੋਕ ਮਾਰੂ ਨੀਤੀਆਂ ਕਾਰਨ ਕਾਂਗਰਸ ਅਤੇ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ, ਜਿਸ ਕਰ ਕੇ ਆਮ ਆਦਮੀ ਪਾਰਟੀ ਹੀ ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਆਪ ਕਿਰਸਾਨੀ ਘੋਲ਼ ਦੀ ਤਨੋ ਮਨੋ ਹਮਦਰਦ ਹੈ। ਉਨ੍ਹਾਂ ਮੰਗ ਕੀਤੀ ਕਿ ਹਝ ਤਿਆਗਦਿਆਂ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾ ਨੂੰ ਰੱਦ ਕਰਕੇ ਆਪਣੀ ਗਲਤੀ ਸੁਧਾਰੇ। ਇਹੋ ਹੀ ਉਸ ਦੇ ਭਲੇ ’ਚ ਹੈ ਕਿਉਂਕਿ ਕਾਨੂੰਨ ਰੱਦ ਕਰਵਾਏ ਬਿਨਾਂ ਕਿਸਾਨ ਦਿੱਲੀਓਂ ਪਰਤਣ ਵਾਲ਼ੇ ਨਹੀਂ ਹਨ।