ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਜਨਵਰੀ
ਆਮ ਆਦਮੀ ਪਾਰਟੀ ਦੇ ਸੂਬਾ ਕੋਰ ਕਮੇਟੀ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ 2017 ਵਾਲੀ ਗਲਤੀ ਮੁੜ ਨਹੀਂ ਹੋਵੇਗੀ ਸਗੋਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਅਗਸਤ 2021 ਤੱਕ ਐਲਾਨ ਦਿਆਂਗੇ। ਪਾਰਟੀ ਨੇ 2022 ਦੀਆਂ ਚੋਣਾਂ ਲਈ ਤਿਆਰੀ ਮੁਕੰਮਲ ਕਰ ਲਈ ਗਈ ਹੈ। ਬੁੱਧ ਰਾਮ ਇੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਥੈਲੇਸੀਮੀਆ ਦੇ ਬੱਚਿਆਂ ਲਈ ਲਗਾਏ ਗਏ ਖ਼ੂਨਦਾਨ ਕੈਂਪ ਵਿਚ ਸ਼ਿਰਕਤ ਕਰਨ ਆਏ ਹੋਏ ਸਨ। ਉਨ੍ਹਾਂ ਨਾਲ ਹਾਲ ਹੀ ’ਚ ਪਾਰਟੀ ਵਿਚ ਸ਼ਾਮਲ ਹੋਈ ਗਾਇਕਾ ਗਗਨ ਅਨਮੋਲ ਵੀ ਸਨ। ਇਸ ਦੌਰਾਨ ‘ਆਪ’ ਪੰਜਾਬ ਯੂਥ ਵਿੰਗ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਨੇ ਕਿਹਾ ਕਿ ‘ਆਪ’ ਦਾ ਸਮੁੱਚਾ ਵਾਲੰਟੀਅਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕਿ ਖੜਾ ਹੈ, 2022 ਦੀਆਂ ਚੋਣਾਂ ਵਿਚ ਔਰਤਾਂ ਦੀ ਖ਼ਾਸ ਭੂਮਿਕਾ ਹੋਵੇਗੀ। ਇਸ ਮੌਕੇ ਨੀਨਾ ਮਿੱਤਲ ਕੈਸ਼ੀਅਰ, ਗਗਨਦੀਪ ਚੱਢਾ ਸਕੱਤਰ ਸੰਗਠਨ ਪੰਜਾਬ ਆਦਿ ਹਾਜ਼ਰ ਸਨ।