ਬਹਾਦਰ ਸਿੰਘ ਮਰਦਾਂਪੁਰ
ਘਨੌਰ, 27 ਅਕਤੂਬਰ
ਸਿਹਤ ਵਿਭਾਗ ਵੱਲੋਂ ਅਪੰਗਤਾ ਸਰਟੀਫਿਕੇਟ ਜਾਰੀ ਕਰਨ ਵਿੱਚ ਕੀਤੀ ਜਾ ਰਹੀ ਖੱਜਲ-ਖੁਆਰੀ ਖ਼ਿਲਾਫ਼ ਅਪੰਗ ਸੁਅੰਗ ਲੋਕਮੰਚ ਦੀ ਘਨੌਰ ਇਕਾਈ ਦੇ ਆਗੂਆਂ ਓਮਕਾਰ ਸ਼ਰਮਾ ਸੋਗਲਪੁਰ, ਹੰਸਰਾਜ, ਬਲਜੀਤ ਸਿੰਘ, ਤਰਸੇਮ ਸਿੰਘ ਅਤੇ ਬੀਬੀ ਰਾਜਵਿੰਦਰ ਕੌਰ ਵੱਲੋਂ ਇਥੋਂ ਦੇ ਕਮਿਊਨਿਟੀ ਹੈਲਥ ਸੈਂਟਰ ਮੂਹਰੇ ਭੁੱਖ ਹੜਤਾਲ ਅਰੰਭੀ ਗਈ।
ਭੁੱਖ ਹੜਤਾਲੀਆਂ ਨੇ ਸਿਹਤ ਵਿਭਾਗ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਰੀੜ ਦੇ ਹੱਡੀ ਅਤੇ ਅੱਧਰੰਗ ਦੀ ਬਿਮਾਰੀ ਤੋਂ ਪੀੜਤ ਮਰੀਜ਼ ਤਰਸੇਮ ਸਿੰਘ ਵਾਸੀ ਪਿੰਡ ਊਂਟਸਰ ਸਮੇਤ ਕਈ ਹੋਰਨਾਂ ਵਿਅਕਤੀਆਂ ਵੱਲੋਂ ਲੰਘੇ ਕਰੀਬ ਤਿੰਨ ਸਾਲਾਂ ਤੋਂ ਅਪੰਗਤਾ ਸਰਟੀਫਿਕੇਟ ਜਾਰੀ ਕਰਵਾਉਣ ਲਈ ਰਾਜਪੁਰਾ ਅਤੇ ਪਟਿਆਲਾ ਦੇ ਸਰਕਾਰੀ ਹਸਪਤਾਲਾਂ ਵਿੱਚ ਗੇੜੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਪੁਰਾ ਦੇ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਪੀੜਤਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਜਾਂਦਾ ਹੈ। ਰਜਿੰਦਰਾ ਹਸਪਤਾਲ ਦੇ ਅਧਿਕਾਰੀ ਪਹਿਲਾਂ ਤੋਂ ਅਨੇਕਾਂ ਮੁਸ਼ਕਲਾਂ ਨਾਲ ਜੂਝ ਰਹੇ ਅਪੰਗ ਵਿਅਕਤੀਆਂ ਨੂੰ ਅਪੰਗਤਾ ਸਰਟੀਫਿਕੇਟ ਜਾਰੀ ਕਰਨ ਲਈ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਵਰਤਾਰਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਜਦੋਂਕਿ ਪਹਿਲਾਂ ਤੋਂ ਹੀ ਅਪੰਗਤਾ ਨਾਲ ਜੂਝ ਰਹੇ ਮਰੀਜ਼ ਵਾਧੂ ਖਰਚਾ ਅਤੇ ਲੰਬਾ ਪੈਂਡਾ ਤੈਅ ਕਰਕੇ ਪੀਜੀਆਈ ਜਾਣ ਤੋਂ ਅਸਮਰਥ ਹਨ।
ਭੁੱਖ ਹੜਤਾਲੀ ਕਾਰਕੁਨਾਂ ਨੇ ਮੰਗ ਕੀਤੀ ਕਿ ਲੋੜਵੰਦ ਮਰੀਜ਼ਾਂ ਨੂੰ ਅਪੰਗਤਾ ਸਰਟੀਫਿਕੇਟ ਰਾਜਪੁਰਾ ਜਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜਾਰੀ ਕੀਤੇ ਜਾਣ। ਭੁੱਖ ਹੜਤਾਲੀਆਂ ਨੂੰ ਸਮਰਥਨ ਦੇਣ ਲਈ ਸਮਾਜ ਸੇਵੀ ਭਗਵਾਨ ਸਿੰਘ ਖਾਲਸਾ, ਕਿਸਾਨ ਆਗੂ ਪਵਨ ਕੁਮਾਰ ਸੋਗਲਪੁਰ, ਗੁਰਜੀਤ ਸਿੰਘ ਸਰਾਲਾ, ਪੇਂਡੂ ਚੌਕੀਦਾਰ ਯੂਨੀਅਨ ਦੇ ਸੂਬਾਈ ਆਗੂ ਰਾਮ ਮੂਰਤੀ ਸੋਗਲਪੁਰ ਸਮੇਤ ਹੋਰ ਵੀ ਪਤਵੰਤੇ ਧਰਨੇ ਵਿੱਚ ਸ਼ਾਮਲ ਹੋਏ।
ਮਰੀਜ਼ ਨੂੰ ਪੀਜੀਆਈ ਪਹੁੰਚਾਉਣ ਦੇ ਭਰੋਸੇ ਮਗਰੋਂ ਹੜਤਾਲ ਸਮਾਪਤ
ਸਹਾਇਕ ਸਿਵਲ ਸਰਜਨ ਪਟਿਆਲਾ ਡਾ. ਵਿਕਾਸ ਗੋਇਲ, ਡਾ. ਸੁਮਿਤ ਸਿੰਘ ਅਤੇ ਐੱਸਐੱਮਓ ਘਨੌਰ ਡਾ. ਕਿਰਨਜੋਤ ਉਪਲ ਦੇਰ ਸ਼ਾਮ ਨੂੰ ਭੁੱਖ ਹੜਤਾਲੀਆਂ ਕੋਲ ਪੁੱਜੇ। ਇਸੇ ਦੌਰਾਨ ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ ਨੇ ਮਰੀਜ਼ ਤਰਸੇਮ ਸਿੰਘ ਨੂੰ ਸਰਕਾਰੀ ਗੱਡੀ ਵਿੱਚ ਪੀਜੀਆਈ ਲਿਜਾ ਕੇ ਉਥੋਂ ਉਸ ਦਾ ਅਪੰਗਤਾ ਸਰਟੀਫਿਕੇਟ ਜਾਰੀ ਕਰਵਾ ਕੇ ਦੇਣ ਦਾ ਲਿਖਤੀ ਭਰੋਸਾ ਦਿੱਤਾ। ਇਸ ਮਗਰੋਂ ਭੁੱਖ ਹੜਤਾਲੀਆਂ ਨੇ ਭੁੱਖ ਹੜਤਾਲ ਨੂੰ ਮੁਲਤਵੀ ਕਰ ਦਿੱਤਾ।