ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 5 ਜੂਨ
ਇੱਕ ਪਾਸੇ ਐਤਵਾਰ ਨੂੰ ਥਾਂ-ਥਾਂ ਵਾਤਾਵਰਨ ਦਿਵਸ ਮਨਾਉਂਦਿਆਂ ਹਜ਼ਾਰਾਂ ਪੌਦੇ ਲਾਏ ਗਏ, ਦੂਜੇ ਬੰਨੇ ਸਨੌਰ ਨੇੜੇ ਸਥਿਤ ਬੋਸਰ ਕਲਾਂ ਪਿੰਡ ਨੇੜਲੇ ਕਈ ਏਕੜ ’ਚ ਫੈਲੇ ਬੀੜ ’ਚ ਅੱਜ ਅੱਗ ਲੱਗ ਗਈ ਜਿਸ ਨੇ ਹਜ਼ਾਰਾਂ ਹੀ ਵੱਡੇ ਵੱਡੇ ਰੁੱੱਖ ਆਪਣੀ ਲਪੇਟ ’ਚ ਲੈ ਲਏ। ਭਾਵੇਂ ਅੱੱਗ ਦੀ ਇਸ ਘਟਨਾ ਨਾਲ ਹੋਏ ਨੁਕਸਾਨ ਦੇ ਮੁਕੰਮਲ ਵੇਰਵੇ ਤਾਂ ਜਾਂਚ ਤੋਂ ਬਾਅਦ ਹੀ ਮਿਲ ਸਕਣਗੇ ਪਰ ਮੁੱਢਲੀ ਜਾਣਕਾਰੀ ਅਨੁਸਾਰ ਅੱਜ ਦੀ ਇਸ ਘਟਨਾ ਨਾਲ਼ ਬੀੜ ਵਿਚਲੇ ਹਜ਼ਾਰਾਂ ਹੀ ਹਰੇ-ਭਰੇ ਅਤੇ ਸੁੱਕੇ ਦਰਖ਼ਤ ਸੜ ਗਏ ਹਨ। ਇਸ ਤੋਂ ਇਲਾਵਾ ਇਸ ਬੀੜ ਵਿਚਲੇ ਜੀਵ ਜੰਤੂਆਂ ਦਾ ਜਾਨੀ ਨੁਕਸਾਨ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਸਨੌਰ ਤੋਂ ਬੋਸਰ ਨੂੰ ਜਾਂਦਿਆਂ ਇਹ ਬੀੜ ਸੜਕ ਦੇ ਦੋਵੇਂ ਪਾਸੇ ਕਈ ਏਕੜ ’ਚ ਫੈਲਿਆ ਹੋਇਆ ਹੈ ਜਿਸ ’ਚ ਅੱਜ ਦੁਪਹਿਰ ਵਕਤ ਅੱਗ ਲੱਗ ਗਈ। ਇਸ ’ਤੇ ਕਾਬੂ ਪਾਉਣ ਲਈ ਪਟਿਆਲਾ ਸਮੇਤ ਹੋਰ ਆਸੇ-ਪਾਸੇ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਜਿਨ੍ਹਾਂ ਵੱਲੋਂ ਸ਼ਾਮ ਤੱਕ ਵੀ ਅੱਗ ’ਤੇ ਕਾਬੂ ਪਾਉਣ ਦੀ ਕਾਰਵਾਈ ਜਾਰੀ ਸੀ। ਇਸ ਸਬੰਧੀ ਵੇਰਵੇ ਹਾਸਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਵਾਰ ਵਾਰ ਫੋਨ ਕਰਨ ’ਤੇ ਵੀ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਉਧਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬੀੜ ’ਚ ਲੱਗੀ ਇਸ ਅੱਗ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।