ਖੇਤਰੀ ਪ੍ਰਤੀਨਿਧ
ਪਟਿਆਲਾ, 13 ਅਗਸਤ
ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਪੰਜਾਬ ਭਰ ਵਿਚਲੇ ਡਰੱਗ ਡੀ-ਅਡਿੱਕਸ਼ਨ ਅਤੇ ਪੁਨਰਵਾਸ ਕੇਂਦਰਾਂ ਵਿੱਚ ਕਾਰਜਸ਼ੀਲ ਪੰਜਾਬ ਭਰ ਦੇ 1200 ਸਰਕਾਰੀ ਮੁਲਾਜ਼ਮਾਂ ਵੱਲੋਂ ਵਿੱਢੀ ਅੱਧੇ ਦਿਨ ਦੀ ਸੂਬਾਈ ਹੜਤਾਲ਼ ਅੱਜ ਤੀਜੇ ਦਿਨ ਵੀ ਜਾਰੀ ਰਹੀ। ਇਨ੍ਹਾਂ ਹੜਤਾਲ਼ੀ ਮੁਲਾਜ਼ਮਾਂ ਵੱਲੋਂ ਪੰਜਾਬ ਭਰ ’ਚ ਰੋਸ ਮੁਜ਼ਾਹਰੇ ਵੀ ਕੀਤੇ ਗਏ। ਇਸ ਦੌਰਾਨ ਨਸ਼ਾ ਛੱਡਣ ਦੇ ਤਹੱਈਏ ਵਜੋਂ ਇਨ੍ਹਾਂ ਮੁਲ਼ਾਜ਼ਮਾਂ ਤੋਂ ਦਵਾਈ ਲੈਣ ਆਉਂਦੇ ਹਜ਼ਾਰਾਂ ਹੀ ਮਰੀਜ਼ਾਂ ਨੇ ਵੀ ਸ਼ਿਰਕਤ ਕੀਤੀ। ਹੜਤਾਲ ਦੀ ਅਗਵਾਈ ‘ਗੌਰਮਿੰਟ ਡਰੱਗ ਡੀ-ਅਡਿੱਕਸ਼ਨ ਅਤੇ ਪੁਨਰਵਾਸ ਐਂਪਲਾਈਜ਼ ਯੂਨੀਅਨ ਪੰਜਾਬ’ ਦੇ ਸੂਬਾਈ ਪ੍ਰਧਾਨ ਪਰਮਿੰਦਰ ਸਿੰਘ ਕਰ ਰਹੇ ਹਨ। ਪਟਿਆਲਾ ਵਿੱਚ ਤਾਇਨਾਤ ਸੂਬਾਈ ਪ੍ਰਧਾਨ ਦਾ ਕਹਿਣਾ ਸੀ ਕਿ ਅੱਧੇ ਦਿਨ ਦੀ ਇਹ ਹੜਤਾਲ਼ 11 ਅਗਸਤ ਤੋਂ ਚੱਲ ਰਹੀ ਹੈ ਜਦਕਿ 14 ਅਗਸਤ ਨੂੰ ਪੰਜਾਬ ਦੇ ਇਹ ਸਮੂਹ ਕਰਮਚਾਰੀ ਦਿਨ ਭਰ ਹੜਤਾਲ ’ਤੇ ਰਹਿਣਗੇ ਤੇ 15 ਅਗਸਤ ਨੂੰ ਅਜ਼ਾਦੀ ਦਿਹਾੜੇ ਨੂੰ ਗੁਲਾਮੀ ਦਿਵਸ ਵਜੋਂ ਮਨਾਇਆ ਜਾਵੇਗਾ। 16 ਅਗਸਤ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਡਾਇਰੈਕਟਰ ਦੇ ਚੰਡੀਗੜ੍ਹ ਸਥਿਤ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਰਤੀ ਰੈਗੂਲਰ ਮੁਲਾਜ਼ਮਾਂ ਵਾਂਗ ਪੂਰੇ ਪਾਰਦਰਸ਼ੀ ਢੰਗ ਨਾਲ ਹੋਈ ਹੋਣ ਕਰਕੇ ਉਹ ਰੈਗੂਲਰ ਹੋਣ ਦਾ ਹੱਕ ਰੱਖਦੇ ਹਨ। ਇਸ ਦੇ ਬਾਵਜੂਦ ਉਹ ਸੱਤ ਸਾਲਾਂ ਤੋਂ ਕੰਟਰੈਕਟ ਆਧਾਰ ’ਤੇ ਹੀ ਸੇਵਾਵਾਂ ਨਿਭਾਅ ਰਹੇ ਹਨ।