ਖੇਤਰੀ ਪ੍ਰਤੀਨਿਧ
ਪਟਿਆਲਾ, 12 ਅਗਸਤ
ਪੰਜਾਬ ਭਰ ਵਿਚਲੇ ਪੰਜਾਬ ਸਰਕਾਰ ਦੇ ਡਰੱਗ ਡੀ-ਅਡਿੱਕਸ਼ਨ ਅਤੇ ਪੁਨਰਵਾਸ ਕੇਂਦਰਾਂ ਵਿੱਚ ਕਾਰਜਸ਼ੀਲ ਇੱਕ ਹਜ਼ਾਰ ਤੋਂ ਵੀ ਵੱਧ ਮੁਲਾਜ਼ਮਾਂ ਨੇ ਅੱਜ ਦੂਜੇ ਦਿਨ ਵੀ ਮੰਗਾਂ ਲਈ ਅੱਧੇ ਦਿਨ ਦੀ ਹੜਤਾਲ਼ ’ਤੇ ਰਹੇ। ਇਸ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਭਰ ’ਚ ਕੀਤੇ ਗਏ ਰੋਸ ਮੁਜ਼ਾਹਰਿਆਂ ਦੌਰਾਨ ਨਸ਼ਾ ਛੱਡਣ ਦੇ ਤਹੱਈਏ ਵਜੋਂ ਇਨ੍ਹਾਂ ਮੁਲ਼ਾਜ਼ਮਾਂ ਤੋਂ ਦਵਾਈ ਲੈਣ ਆਉਂਦੇ ਹਜ਼ਾਰਾਂ ਹੀ ਮਰੀਜ਼ਾਂ ਨੇ ਵੀ ਸ਼ਿਰਕਤ ਕੀਤੀ।
ਹੜਤਾਲ ਦੀ ਅਗਵਾਈ ਕਰ ਰਹੇ ਤੇ ਪਟਿਆਲਾ ਵਿੱਚ ਤਾਇਨਾਤ ‘ਗੌਰਮਿੰਟ ਡਰੱਗ ਡੀ-ਅਡਿੱਕਸ਼ਨ ਅਤੇ ਪੁਨਰਵਾਸ ਐਂਪਲਾਈਜ਼ ਯੂਨੀਅਨ ਪੰਜਾਬ’ ਦੇ ਸੂਬਾਈ ਪ੍ਰਧਾਨ ਪਰਮਿੰਦਰ ਸਿੰਘ ਦਾ ਕਹਿਣਾ ਸੀ ਕਿ 13 ਅਗਸਤ ਨੂੰ ਵੀ ਉਨ੍ਹਾਂ ਦੀ ਅੱਧੇ ਦਿਨ ਦੀ ਹੜਤਾਲ਼ ਰਹੇਗੀ ਜਦਕਿ 14 ਅਗਸਤ ਨੂੰ ਉਹ ਦਿਨ ਭਰ ਹੜਤਾਲ ’ਤੇ ਰਹਿਣਗੇ। ਉਨ੍ਹਾਂ ਦੱਸਿਆ ਕਿ 15 ਅਗਸਤ ਆਜ਼ਾਦੀ ਦੇ ਦਿਨ ਨੂੰ ਗੁਲਾਮੀ ਦਿਵਸ ਦੇ ਤੌਰ ’ਤੇੇ ਮਨਾਉਂਦਿਆਂ ਯੂਨੀਅਨ ਦੇ ਸਮੂਹ ਮੁਲਾਜ਼ਮ ਆਪਣੇ ਸਟੇਸ਼ਨਾਂ ਦੇ ਬਾਹਰ ਕਾਲੇ ਝੰਡੇ ਅਤੇ ਕਾਲੇ ਬਿੱਲੇ ਲਗਾ ਕੇ ਬੈਠਣਗੇ। 16 ਅਗਸਤ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਡਾਇਰੈਕਟਰ ਦੇ ਚੰਡੀਗੜ੍ਹ ਸਥਿਤ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।