ਗੁਰਨਾਮ ਸਿੰਘ ਚੌਹਾਨ
ਪਾਤੜਾਂ, 11 ਜਨਵਰੀ
ਬੀਤੇ ਦਿਨੀਂ ਪਏ ਬਾਰਸ਼ ਕਾਰਨ ਪਾਤੜਾਂ ਦੇ ਪਿੰਡ ਹਰਿਆਊ ਕਲਾਂ ਦੇ ਕੋਲੋਂਂ ਲੰਘਦੀ ਝੰਬੋ ਡਰੇਨ ’ਚ ਪਾਣੀ ਦਾ ਪੱਧਰ ਵਧ ਜਾਣ ਕਾਰਨ ਇਸ ਵਿੱਚ ਪੈਂਦੇ ਹਾਮਝੇੜ੍ਹੀ ਨਾਲੇ ਦਾ ਬੰਨ੍ਹ ਟੁੱਟ ਜਾਣ ਕਰਕੇ ਸੈਂਕੜੇ ਏਕੜ ਕਣਕ ਦੀ ਫਸਲ ਵਿੱਚ ਪਾਣੀ ਭਰ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਰਘਵੀਰ ਸਿੰਘ, ਕਿਸਾਨ ਰਣਬੀਰ ਸਿੰਘ, ਜਸਵੀਰ ਸਿੰਘ, ਅੰਗਰੇਜ਼ ਸਿੰਘ, ਤਰਸੇਮ ਸਿੰਘ, ਬਲਵੀਰ ਸਿੰਘ, ਜਰਨੈਲ ਸਿੰਘ, ਸੁਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਬਰਸਾਤੀ ਨਾਲਾ ਕਿਸਾਨਾਂ ਲਈ ਮੁਸੀਬਤ ਬਣਿਆ ਹੋਇਆ ਹੈ। ਝੰਬੋ ਚੋਅ ਵਿੱਚ ਪਿਛਲੇ ਦਰਜਨਾਂ ਪਿੰਡਾਂ ਦਾ ਪਾਣੀ ਬਰਸਾਤੀ ਨਾਲੇ ਰਾਹੀਂ ਆਉਣ ਕਾਰਨ ਪਾਣੀ ਦੇ ਓਵਰਫਲੋ ਹੋਣ ਦੇ ਨਾਲ ਪਾਣੀ ਫਸਲ ਵਿੱਚ ਭਰ ਜਾਂਦਾ ਹੈ। ਉਨ੍ਹਾਂ ਦੱਸਿਆ ਹੈ ਕਿ ਬਰਸਾਤ ਉਪਰੰਤ ਬਰਸਾਤੀ ਨਾਲੇ ਦੇ ਪਾਣੀ ਨਾਲ ਕਿਸਾਨਾਂ ਦੀ 200 ਏਕੜ ਫ਼ਸਲ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਇਸ ਬਰਸਾਤੀ ਨਾਲੇ ਨੂੰ ਬੰਨ੍ਹਣ ਲਈ ਸਿਵਲ ਪ੍ਰਸ਼ਾਸਨ ਜਾਂ ਡਰੇਨੇਜ ਵਿਭਾਗ ਦਾ ਕੋਈ ਅਧਿਕਾਰੀ ਨਾ ਪਹੁੰਚਿਆ ਤਾਂ ਕਿਸਾਨਾਂ ਨੂੰ ਖੁਦ ਇਸ ਬੰਨ੍ਹ ਨੂੰ ਬੰਨ੍ਹਣਾ ਪਿਆ ਹੈ। ਸਰਕਾਰ ਵੱਲੋਂ ਬਰਸਾਤੀ ਨਾਲੇ ਰਾਹੀਂ ਹੁੰਦੇ ਕਿਸਾਨਾਂ ਦੇ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਸਮੱਸਿਆ ਦਾ ਹੱਲ ਕੀਤਾ ਰਿਹਾ ਹੈ। ਕਿਸਾਨਾਂ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਉਨ੍ਹਾਂ ਕਿਹਾ ਹੈ ਕਿ ਜੇ ਸਰਕਾਰ ਨੇ ਕਿਸਾਨਾਂ ਦੀ ਸਮੱਸਿਆ ਅਤੇ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਦਿੱਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।