ਵਿਦਿਆਰਥੀਆਂ ਵੱਲੋਂ ਖੇਤੀ ਕਾਨੂੰਨਾਂ, ਲੇਬਰ ਕੋਡ ਅਤੇ ਕੌਮੀ ਸਿੱਖਿਆ ਨੀਤੀ ਖ਼ਿਲਾਫ਼ ਨਾਅਰੇਬਾਜ਼ੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਸਤੰਬਰ
ਚਾਰ ਵਿਦਿਆਰਥੀ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਇਥੇ ਸਰਕਾਰੀ ਰਣਬੀਰ ਕਾਲਜ ਵਿੱਚ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਹੱਥਾਂ ਵਿੱਚ ਚੁੱਕ ਕੇ ਵਿਸ਼ਾਲ ਰੈਲੀ ਕੱਢੀ ਗਈ। ਇਸ ਮੌਕੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ ਗਿਆ। ਵਿਦਿਆਰਥੀਆਂ ਵੱਲੋਂ ਖੇਤੀ ਕਾਨੂੰਨਾਂ, ਲੇਬਰ ਕੋਡ ਅਤੇ ਕੌਮੀ ਸਿੱਖਿਆ ਨੀਤੀ-2020 ਦੇ ਵਿਰੋਧ ਵਿਚ ਨਾਅਰੇਬਾਜ਼ੀ ਕਰਦਿਆਂ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਕਾਲਜ ਵਿੱਚ ਵਿਦਿਆਰਥੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਭਿੰਦਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਕੋਮਲ ਖਨੌਰੀ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸੰਦੀਪ ਅਤੇ ਡੈਮੇਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਵੱਲੋਂ ਗੁਰਵਿੰਦਰ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੱਜ ਵਿਦਿਆਰਥੀਆਂ, ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਚੱਲਦੇ ਹੋਏ ਪ੍ਰੇਰਣਾ ਲੈਣ ਦੀ ਲੋੜ ਹੈ। ਭਗਤ ਸਿੰਘ ਦੁਆਰਾ ਫਾਂਸੀ ਤੋਂ ਪਹਿਲਾਂ ਮੋੜਿਆ ਕਿਤਾਬ ਦਾ ਵਰਕਾ ਖੋਲ੍ਹ ਕੇ ਉਹ ਕਿਤਾਬ ਪੜ੍ਹਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀ ਇਨਕਲਾਬੀ ਰਾਜਨੀਤੀ, ਗਾਂਧੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਮਝੌਤਾਵਾਦੀ ਰਾਜਨੀਤੀ ਤੋਂ ਵੱਖਰੀ ਸੀ। ਗਾਂਧੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਵੱਡੇ ਜ਼ਿਮੀਂਦਾਰਾਂ, ਟਾਟਾ, ਬਿਰਲਾ ਵਰਗੇ ਵੱਡੇ ਕਾਰਪੋਰੇਟਾਂ ਦੀ ਆਜ਼ਾਦੀ ਲਈ ਲੜਾਈ ਲੜੀ ਅਤੇ ਇਹ ਜਬਰੀ ਵੰਡ ਤੋਂ ਬਾਅਦ ਵੀ ਟਾਟਾ, ਬਿਰਲਾ, ਅੰਬਾਨੀ ਅਡਾਨੀ ਆਦਿ ਵਰਗੀਆਂ ਵੱਡੀਆਂ ਕਾਰਪੋਰੇਸ਼ਨਾਂ ਦੀਆਂ ਸੇਵਾਵਾਂ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅਸਲ ਆਜ਼ਾਦੀ ਲਈ ਲਗਾਤਾਰ ਲੜਦੇ ਰਹਿਣਾ ਪਏਗਾ ਜਿੱਥੇ ਕਿਸੇ ਦਾ ਸ਼ੋਸ਼ਣ ਅਤੇ ਵਿਤਕਰਾ ਨਾ ਹੋਵੇ, ਜਿੱਥੇ ਜਾਤੀਵਾਦ, ਪਿੱਤਰਸੱਤਾ, ਫਿਰਕੂ ਵੰਡ ਅਤੇ ਸ਼ੋਸ਼ਣ ਨਾ ਹੋਵੇ। ਵਿਦਿਆਰਥੀ ਜਥੇਬੰਦੀਆਂ ਨੇ ਜਲ੍ਹਿਆਂਵਾਲਾ ਬਾਗ਼ ਦਾ ਅਸਲੀ ਸਰੂਪ ਬਦਲਣ ਲਈ ਮੋਦੀ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਗੁਰਵਿੰਦਰ, ਜੋਤੀ ਅਤੇ ਅਰਸ਼ਦੀਪ ਨੇ ਇਨਕਲਾਬੀ ਗੀਤ ਪੇਸ਼ ਕੀਤੇ ਤੇ ਮੰਚ ਸੰਚਾਲਨ ਦੀ ਭੂਮਿਕਾ ਗੁਰਪ੍ਰੀਤ ਜੱਸਲ ਨੇ ਨਿਭਾਈ।
ਫੋਟੋ: 30ਐਸਐਨਜੀ-5
ਫੋਟੋ: 30ਐਸਐਨਜੀ-5ਏ
ਸਰਕਾਰੀ ਰਣਬੀਰ ਕਾਲਜ ’ਚ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਹੱਥਾਂ ਵਿੱਚ ਚੁੱਕ ਕੇ ਕੱਢੀ ਰੈਲੀ ’ਚ ਸ਼ਾਮਲ ਵਿਦਿਆਰਥਣਾਂ।