ਖੇਤਰੀ ਪ੍ਰਤੀਨਿਧ
ਪਟਿਆਲਾ, 19 ਅਪਰੈਲ
ਪੰਜਾਬ ਸਟੂਡੈਂਟ ਯੂਨੀਅਨ ਦੀ ਪੰਜਾਬੀ ਯੂਨੀਵਰਸਿਟੀ ਵਿਚਲੇ ਇੰਜਨੀਅਰ ਕਾਲਜ ਦੀ ਇਕਾਈ ਵੱਲੋਂ ਹੋਸਟਲਾਂ ਨਾਲ ਸਬੰਧਤ ਮੁਸ਼ਕਲਾਂ ਅਤੇ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੇ ਘਰ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਹੋਸਟਲਾਂ ਵਿੱਚ ਵਾਪਰਦੀਆਂ ਚੋਰੀ ਦੀਆਂ ਘਟਨਾਵਾਂ ਅਤੇ ਕੈਂਪਸ ’ਚ ਨਸ਼ਿਆਂ ਦਾ ਰੁਝਾਨ ਵਧਣ ਵਰਗੇ ਮੁੱਦੇ ਉਠਾਏ ਗਏ। ਉਨ੍ਹਾਂ ਨੇ ਹੋਸਟਲਾਂ ’ਚ ਸੀਸੀਟੀਵੀ ਕੈਮਰਿਆਂ ਦਾ ਕੋਈ ਪ੍ਰਬੰਧ ਨਾ ਹੋਣ ’ਤੇ ਵੀ ਸ਼ਿਕਵਾ ਜ਼ਾਹਰ ਕੀਤਾ।
ਇਸ ਮੌਕੇ ਜੁੜੀ ਵਿਦਿਆਰਥੀਆਂ ਦੀ ਇਕੱਤਰਤਾ ਨੂੰ ਵਿਦਿਆਰਥੀ ਆਗੂ ਗੁਰਦਾਸ, ਪਵਨ, ਜਗਸੀਰ, ਵਕਸ਼ਿਤ ਤੇ ਵਰੁਣ ਨੇ ਕਿਹਾ ਕਿ ਯੂਨੀਅਨ ਵੱਲੋਂ ਨਸ਼ੇ ’ਤੇ ਰੋਕ ਲਗਾਉਣ ਲਈ ਅਥਾਰਟੀ ਨੂੰ ਕਈ ਵਾਰ ਕਿਹਾ ਜਾ ਚੁੱਕਿਆ ਹੈ, ਪਰ ਯੂਨੀਵਰਸਿਟੀ ਅਥਾਰਟੀ ਦੁਬਾਰਾ ਕੋਈ ਕਦਮ ਨਹੀਂ ਚੁੱਕਿਆ ਗਿਆ। ਯੂਨੀਵਰਸਿਟੀ ਦੀ ਚਾਰਦੀਵਾਰੀ ਵੀ ਢਹਿ-ਢੇਰੀ ਹੁੰਦੀ ਜਾ ਰਹੀ ਹੈ। ਇਸ ਕਰਕੇ ਬਾਹਰੋਂ ਵਿਅਕਤੀ ਆਸਾਨੀ ਨਾਲ ਅੰਦਰ ਦਾਖਲ ਹੋ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਯੂਨੀਵਰਸਿਟੀ ਵਿੱਚ ਲੜਕੀਆਂ ਦੀ ਗਿਣਤੀ 65 ਫ਼ੀਸਦੀ ਤੋਂ ਵੀ ਉੱਪਰ ਹੈ, ਪਰ ਹੋਸਟਲ ਨਾ ਮਿਲਣ ਕਾਰਨ ਵੱਡੀ ਗਿਣਤੀ ਲੜਕੀਆਂ ਨੂੰ ਜਾਂ ਤਾਂ ਦਾਖਲੇ ਛੱਡਣੇ ਪੈਂਦੇ ਹਨ ਜਾਂ ਫੇਰ ਉਨ੍ਹਾਂ ਨੂੰ ਮਜਬੂਰਨ ਬਾਹਰ ਕਿਰਾਏ ਦੇ ਮਕਾਨਾਂ ’ਚ ਰਹਿਣ ਪੈਂਦਾ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੁਆਰਾ, ਮਾਤਾ ਤ੍ਰਿਪਤਾ ਹੋਸਟਲ ਬਣਾਉਣ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਜਿਸ ਕਰਕੇ ਇਸ ਦੀ ਉਸਾਰੀ ਜਲਦ ਸ਼ੁਰੂ ਕੀਤੀ ਜਾਵੇ। ਹੋਸਟਲ ਵਿੱਚ ਪੀਣ ਵਾਲੇ ਸਾਫ਼ ਪਾਣੀ ਅਤੇ ਸੀਵਰੇਜ ਸਿਸਟਮ ਦੀ ਬਲੋਕੇਜ਼ ਦੀ ਸਮੱਸਿਆ ਦੇ ਸਮਾਧਾਨ ’ਤੇ ਵੀ ਜੋਰ ਦਿੱਤਾ ਗਿਆ।
ਇਸ ਦੌਰਾਨ ਵਾਈਸ ਚਾਂਸਲਰ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਇਨ੍ਹਾਂ ਸਮੱਸਿਆਵਾਂ ਨੂੰ ਇੱਕ ਹਫ਼ਤੇ ਵਿੱਚ ਹੱਲ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਜਲਦੀ ਹੀ ਕੈਮਰੇ ਲਗਾਉਣ ਦੀ ਗੱਲ ਵੀ ਆਖੀ। ਇਸ ’ਤੇ ਪੀ.ਐੱਸ.ਯੂ ਵੱਲੋਂ ਧਰਨਾ ਚੁੱਕ ਦਿਤਾ ਗਿਆ। ਨਾਲ ਹੀ ਚਿਤਾਵਨੀ ਵੀ ਦਿਤੀ ਗਈ ਕਿ ਜੇਕਰ ਤਹਿ ਸਮੇਂ ਤੱਕ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਵੀ.ਸੀ ਦਫ਼ਤਰ ਦਾ ਘਿਰਾਓ ਵੀ ਕਰਨਗੇ।