ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 4 ਜਨਵਰੀ
ਇਥੇ ਸੀਨੀਅਰ ਸਿਟੀਜ਼ਨ ਕੌਂਸਲ ਰਾਜਪੁਰਾ ਨੇ ਕੌਂਸਲ ਦੇ ਪ੍ਰਧਾਨ ਬਲਦੇਵ ਖੁਰਾਣਾ ਅਤੇ ਜਨਰਲ ਸਕੱਤਰ ਆਰਕੇ ਸ਼ਰਮਾ ਦੀ ਅਗਵਾਈ ਹੇਠ ਸੀਨੀਅਰ ਸਿਟੀਜ਼ਨਾਂ ਦੀਆਂ ਸਰਦੀਆਂ ਦੀਆਂ ਇੰਨਡੋਰ ਅਤੇ ਆਊਟ ਡੋਰ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਲਈ ਸਮਾਗਮ ਕਰਵਾਇਆ ਗਿਆ। ਜਿਸ ਵਿਚ ਰਾਜਪੁਰਾ ਦੇ ਐਸਡੀਐਮ ਡਾ. ਸੰਜੀਵ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਕੁਮਾਰ ਨੇ ਸੰਸਥਾ ਵੱਲੋਂ ਨਵੇਂ ਵਰ੍ਹੇ ਦਾ ਤਿਆਰ ਕੀਤਾ ਕਲੰਡਰ ਅਤੇ ਡਾਇਰੈਕਟਰੀ ਵੀ ਰਿਲੀਜ਼ ਕੀਤੀ। ਬਜ਼ੁਰਗ ਜਵਾਲਾ ਸਿੰਘ ਨੂੰ ਆਲ ਰਾਊਂਡਰ ਦਾ ਖ਼ਿਤਾਬ ਦਿੰਦਿਆਂ 51 ਸੌ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ ਗਈ, ਜਿਸ ਵਿਚੋਂ ਉਨ੍ਹਾਂ 100 ਰੁਪਏ ਰੱਖ ਕੇ ਬਾਕੀ ਸੰਸਥਾ ਨੂੰ ਦਾਨ ਕਰ ਦਿੱਤੇ। ਪ੍ਰਧਾਨ ਖੁਰਾਣਾ ਨੇ ਦੱਸਿਆ ਕਿ ਇੰਨਡੋਰ ਗੇਮਾਂ ਵਿੱਚ ਤਾਸ਼ (ਸੀਪ) ਵਿੱਚ ਗਿਆਨ ਚੰਦ ਚਾਵਲਾ ਤੇ ਪ੍ਰੇਮ ਢੀਂਗਰਾ ਨੇ ਪਹਿਲਾ, ਸਤੀਸ਼ ਵਰਮਾ ਤੇ ਸਤੀਸ਼ ਸ਼ਰਮਾ ਨੇ ਦੂਜਾ ਅਤੇ ਇਕਬਾਲ ਸਿੰਘ ਤੇ ਦਾਤਾਰ ਸਿੰਘ ਭਾਟੀਆ ਨੇ ਤੀਜਾ ਸਥਾਨ ਹਾਸਲ ਕੀਤਾ। ਇਵੇਂ ਹੀ ਨਿੰਬੂ ਚਮਚਾ ਰੇਸ ਵਿਚ ਜਵਾਲਾ ਸਿੰਘ ਨੇ ਪਹਿਲਾ ਸਥਾਨ, ਸਤੀਸ਼ ਵਰਮਾ ਨੇ ਦੂਜਾ ਅਤੇ ਕਰਨੈਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।