ਪੱਤਰ ਪ੍ਰੇਰਕ
ਪਟਿਆਲਾ, 27 ਅਗਸਤ
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਆਜ਼ਾਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਸਮਾਗਮ ਦਾ ਆਗਾਜ਼ ਕਰਦਿਆਂ ਹਾਜ਼ਰ ਸ਼ਾਇਰਾਂ ਨੂੰ ‘ਆਜ਼ਾਦੀ ਦਾ ਸੰਕਲਪ’ ਵਿਸ਼ੇ ’ਤੇ ਰਚਨਾਵਾਂ ਪੜ੍ਹਨ ਦਾ ਸੱਦਾ ਦਿੱਤਾ। ਡਾ. ਜੀਐੱਸ ਅਨੰਦ ਨੇ ‘ਆਜ਼ਾਦੀ ਦਾ ਸੰਕਲਪ’ ਵਿਸ਼ੇ ਬਾਰੇ ਚਾਨਣਾ ਪਾਇਆ।
ਮੁੱਖ ਮਹਿਮਾਨ ਵਜੋਂ ਪਹੁੰਚੇ ਤੇਲਗੂ ਮੂਲ ਦੀ ਸ਼ਾਇਰਾ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਣਾਏ ਹੋਏ ਡਾ. ਇੰਦਰਾ ਬਾਲੀ ਹੈੱਡ ਡਾਂਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਗੰਧਾਰੀ ਵਾਂਗ ਅੱਖਾਂ ’ਤੇ ਪੱਟੀ ਬੰਨ੍ਹਣ ਦੀ ਬਜਾਏ ਆਪਣੀਆਂ ਲਿਖਤਾਂ ਵਿੱਚ ਸੱਚ ਦੀ ਪਰਿਭਾਸ਼ਾ ਸਿਰਜਣੀ ਪਵੇਗੀ ਇਹੋ ਸਾਡਾ ਜਿਊਣ ਅਤੇ ਬੋਲਣ ਦੀ ਆਜ਼ਾਦੀ ਦਾ ਸੰਕਲਪ ਹੋਵੇਗਾ। ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਕੁਲਵੰਤ ਨਾਰੀਕੇ, ਜੀ.ਐੱਸ. ਸੱਗੂ, ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਚੰਨ ਪਟਿਆਲਵੀ ਅਤੇ ਕੁਲਵੰਤ ਸੈਦੋਕੇ ਨੇ ਵੀ ਵਿਚਾਰ ਪੇਸ਼ ਕੀਤੇ। ਗੀਤਕਾਰ ਅਤੇ ਸ਼ਾਇਰ ਅੰਗਰੇਜ਼ ਵਿਰਕ ਦੀ ਨਵੀਂ ਪੁਸਤਕ ‘ਇਸ਼ਕ ਅਵੱਲੜਾ’ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਹਾਜ਼ਰ ਸ਼ਾਇਰਾਂ ਵਿੱਚੋਂ ਪਰਵਿੰਦਰ ਸੋਖ, ਲਾਲ ਮਿਸਤਰੀ, ਚਮਕੌਰ ਸਿੰਘ ਚਹਿਲ, ਜਸਵੀਰ ਚੋਟੀਆਂ, ਜਸਵਿੰਦਰ ਖਾਰਾ, ਕੁਲਵਿੰਦਰ ਚਾਵਲਾ, ਆਸ਼ਾ ਸ਼ਰਮਾ, ਡਾ. ਸੀਮਾ ਭਾਟੀਆਨੇ ਕਵਿਤਾਵਾਂ ਪੇਸ਼ ਕੀਤੀਆਂ।