ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 23 ਜੂਨ
ਦੇਸ਼ ਦੀ ਵੰਡ ਦੌਰਾਨ ਪਾਕਿਸਤਾਨ ਤੋਂ ਉਜੜ ਕੇ ਆਏ ਇਥੋਂ ਦੇ ਵਾਰਡ ਨੰ. 7 ਦੇ ਕਸਤੂਰਬਾ ਸੇਵਾ ਆਸ਼ਰਮ ਵਿੱਚ ਕਰੀਬ ਸੱਤ ਦਹਾਕੇ ਤੋਂ ਨਰਕ ਭਰੀ ਜ਼ਿੰਦਗੀ ਬਸਰ ਕਰ ਰਹੇ ਕਰੀਬ ਚਾਰ ਦਰਜਨ ਬੇਘਰੇ ਪਰਿਵਾਰਾਂ ਨੂੰ ਆਖਰ ਆਪਣੇ ਘਰ ਦੀ ਛੱਤ ਨਸੀਬ ਹੋਣ ਦੀ ਉਮੀਦ ਜਾਗੀ ਹੈ। ਇਸ ਸਬੰਧੀ ਪੈਪਸੂ ਨਗਰ ਵਿਕਾਸ ਬੋਰਡ ਰਾਜਪੁਰਾ ਵੱਲੋਂ ਪੰਜਾਬ ਸਲੱਮ ਡਿਵੈਲਰਜ਼ ਐਕਟ ਅਧੀਨ 4600 ਵਰਗ ਗਜ਼ ਜ਼ਮੀਨ ਇਨ੍ਹਾਂ ਪਰਿਵਾਰਾਂ ਲਈ ਅਲਾਟ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਸਬੰਧੀ ਪੈਪਸੂ ਨਗਰ ਵਿਕਾਸ ਬੋਰਡ ਰਾਜਪੁਰਾ ਦੇ ਪ੍ਰਸ਼ਾਸਕ ਵੱਲੋਂ ਨਗਰ ਕੌਂਸਲ ਰਾਜਪੁਰਾ ਦੇ ਕਾਰਜਸਾਧਕ ਅਧਿਕਾਰੀ ਨੂੰ ਪੱਤਰ ਨੰ. 463 ਮਿਤੀ 20/06/2022 ਜਾਰੀ ਕਰ ਦਿੱਤਾ ਗਿਆ। ਜਿਸ ਅਨੁਸਾਰ ਇਹ ਸਾਰੀ ਸਕੀਮ ਨਗਰ ਕੌਂਸਲ ਰਾਜਪੁਰਾ ਨੂੰ ਤਬਦੀਲ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਇਥੋਂ ਦੇ ਕਸਤੂਰਬਾ ਸੇਵਾ ਆਸ਼ਰਮ ਵਿੱਚ ਆ ਕੇ ਵਸੇ ਸੈਂਕੜੇ ਪਰਿਵਾਰਾਂ ਵਿੱਚੋਂ ਕਰੀਬ ਚਾਰ ਦਰਜਨ ਪਰਿਵਾਰ ਦੇਸ਼ ਦੀ ਅਜਾਦੀ ਦੇ ਸੱਤ ਦਹਾਕੇ ਬਾਅਦ ਵੀ ਬੇਘਰੇ ਸਨ। ਜਿਹੜੇ ਕਿ ਆਪਣੀ ਘਰ ਦੀ ਛੱਤ ਉਡੀਕਦੇ ਡਿੰਗੂ ਡਿੰਗੂ ਕਰਦੇ ਖਸਤਾ ਹਾਲਤ ਕੁਆਰਟਰਾਂ ਵਿੱਚ ਸੀਵਰੇਜ, ਪੀਣ ਦੇ ਪਾਣੀ ਸਮੇਤ ਹੋਰਨਾਂ ਸਹੂਲਤਾਂ ਨਸੀਬ ਨਾ ਹੋਣ ਦੇ ਬਾਵਜੂਦ ਨਰਕ ਭਰੀ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹਨ। ਆਸ਼ਰਮ ਵਿੱਚ ਰਹਿ ਰਹੇ ਇਨ੍ਹਾਂ ਪਰਿਵਾਰਾਂ ਦੇ ਮੁਖੀਆਂ ਤਰਲੋਕ ਸਿੰਘ, ਭਗਵਾਨ ਦਾਸ, ਗਿਆਨ ਚੰਦ, ਕਾਂਤਾ ਦੇਵੀ, ਬਲਜੀਤ ਕੌਰ, ਅਨੀਤਾ ਰਾਣੀ, ਸੂਰਜ ਭਾਨ, ਕਰਮਜੀਤ ਕੌਰ ਅਤੇ ਪੰਕਜ ਸਮੇਤ ਹੋਰਨਾਂ ਨੇ ਦੱਸਿਆ ਕਿ ਉਹ ਸਾਰੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦੀ ਰੋਜ਼ੀ ਰੋਟੀ ਤੋਰਦੇ ਹਨ।
ਪ੍ਰਤੀ ਪਰਿਵਾਰ ਮਿਲੇਗਾ 72 ਵਰਗ ਗਜ਼ ਦਾ ਪਲਾਟ: ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਦਾ ਕਹਿਣਾ ਹੈ ਕਿ ਪੈਪਸੂ ਨਗਰ ਵਿਕਾਸ ਬੋਰਡ ਵੱਲੋਂ 4600 ਵਰਗ ਗਜ਼ ਜ਼ਮੀਨ ਜਿੱਥੇ ਕਿ ਇਹ 46 ਪਰਿਵਾਰ ਰਹਿ ਰਹੇ ਹਨ। ਨਗਰ ਕੌਂਸਲ ਦੇ ਨਾਮ ਤਬਦੀਲ ਕਰ ਦਿੱਤੀ ਗਈ ਹੈ। ਹੁਣ ਜਲਦੀ ਹੀ ਇਨ੍ਹਾਂ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 72 ਵਰਗ ਗਜ਼ ਪਲਾਟ ਦੀ ਅਲਾਟਮੈਂਟ ਕਰ ਦਿੱਤੀ ਜਾਵੇਗਾ ਤਾਂ ਜੋ ਇਹ ਪਰਿਵਾਰ ਆਪਣਾ ਘਰ ਉਸਾਰ ਸਕਣ।