ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ , 23 ਫਰਵਰੀ
ਦੇਸ਼ ਦੀ ਵੰਡ ਦੌਰਾਨ ਪਾਕਿਸਤਾਨ ਤੋਂ ਉਜੜ ਕੇ ਆਏ ਇਥੋਂ ਦੇ ਵਾਰਡ ਨੰ.7 ਦੇ ਕਸਤੂਰਬਾ ਸੇਵਾ ਆਸ਼ਰਮ ਵਿੱਚ ਸੱਤ ਦਹਾਕੇ ਤੋਂ ਰਹਿ ਰਹੇ ਕਰੀਬ ਚਾਰ ਦਰਜਨ ਪਰਿਵਾਰ ਅਜੇ ਵੀ ਬੇਘਰੇ ਹਨ। ਜਿਹੜੇ ਕਿ ਡਿੱਗੂੰ ਡਿੱਗੂੰ ਕਰਦੇ ਖਸਤਾ ਹਾਲਤ ਕੁਆਰਟਰਾਂ ਵਿੱਚ ਸੀਵਰੇਜ, ਪੀਣ ਦੇ ਪਾਣੀ ਸਮੇਤ ਹੋਰਨਾਂ ਸਹੂਲਤਾਂ ਨਸੀਬ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹਨ। ਹੁਣ ਆਸ਼ਰਮ ਵਿੱਚ ਰਹਿ ਰਹੇ ਇਨ੍ਹਾਂ ਪਰਿਵਾਰਾਂ ਦੇ ਮੁਖੀਆਂ ਤਰਲੋਕ ਸਿੰਘ, ਬਾਬੂ ਰਾਮ, ਕਵਰਭਾਨ, ਕਾਂਤਾ ਰਾਣੀ, ਸਰਬਜੀਤ ਕੌਰ, ਪੰਕਜ ,ਨਰੇਸ਼ ਕੁਮਾਰੀ, ਗਿਆਨ ਚੰਦ, ਅਨੀਤਾ, ਕਰਮਜੀਤ ਕੌਰ ਅਤੇ ਕਾਜਲ ਨੇ ਆਪਣੇ ਪਰਿਵਾਰਾਂ ਦੀ ਨਰਕਭਰੀ ਜ਼ਿੰਦਗੀ ਲਈ ਸਮੇਂ ਦੀਆ ਸਰਕਾਰਾਂ ਨੂੰ ਜ਼ਿੰਮੇਵਾਰ ਨਹਿਰਾਇਆ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਚੋਣਾਂ ਸਮੇਂ ਸਿਆਸਤਦਾਨ ਲਾਅਰੇ ਲਗਾ ਕੇ ਉਨ੍ਹਾਂ ਦੀਆਂ ਵੋਟਾਂ ਵਟੋਰ ਕੇ ਤੁਰਦੇ ਬਣਦੇ ਹਨ। ਕਦੇ ਕਿਸੇ ਨੇ ਬਾਅਦ ਵਿੱਚ ਸਾਰ ਨਹੀਂ ਪੁੱਛੀ। ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਦਾ ਕਹਿਣਾ ਹੈ ਕਿ ਪੈਪਸੂ ਨਗਰ ਵਿਕਾਸ ਬੋਰਡ ਵੱਲੋਂ 4600 ਵਰਗ ਗਜ਼ ਜ਼ਮੀਨ ਜਿੱਥੇ ਕਿ ਇਹ 45 ਪਰਿਵਾਰ ਰਹਿ ਰਹੇ ਹਨ, ਕੌਂਸਲ ਦੇ ਨਾਮ ਤਬਦੀਲ ਕਰ ਦਿੱਤੀ ਹੈ। ਨਵੀਂ ਸਰਕਾਰ ਬਣਨ ਉਪਰੰਤ ਇਨ੍ਹਾਂ ਨੂੰ ਵਸਾਉਣ ਦੀ ਕਾਰਵਾਈ ਸ਼ੁਰੂ ਦਿੱਤੀ ਜਾਵੇਗੀ।