ਪੱਤਰ ਪੇ੍ਰਕ
ਸਮਾਣਾ, 8 ਜੁਲਾਈ
ਸੀਆਈਏ ਸਟਾਫ ਨੇ ਨਾਕੇ ਦੌਰਾਨ ਦੋ ਕਾਰ ਸਵਾਰਾਂ ਤੋਂ ਡੇਢ ਕੁਇੰਟਲ ਭੂਕੀ ਬਰਾਮਦ ਕਰ ਕੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ, ਜਦੋਂਕਿ ਦੂਜਾ ਮੁਲਜ਼ਮ ਫ਼ਰਾਰ ਹੋ ਗਿਆ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਨਿਸ਼ਾਨ ਸਿੰਘ ਵਾਸੀ ਪਿੰਡ ਦਾਬਨ ਖੇੜੀ ਹੋਈ ਹੈ, ਜਦੋਂਕਿ ਗੁਰਸ਼ਰਨ ਸਿੰਘ ਵਾਸੀ ਦਾਬਨ ਖੇੜੀ ਤਹਿਸੀਲ ਗੂਹਲਾ ਜ਼ਿਲ੍ਹਾ ਕੈੱਥਲ (ਹਰਿਆਣਾ) ਪੁਲੀਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ। ਦੋਵਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸੀਆਈਏ ਸਟਾਫ ਮੁਖੀ ਸੁਰਿੰਦਰ ਭੱਲਾ ਨੇ ਦੱਸਿਆ ਕਿ ਪਿੰਡ ਧਨੇਠਾ-ਜੋੜਾਮਾਜਰਾ ਸੜਕ ’ਤੇ ਨਾਕੇ ਦੌਰਾਨ ਬਾਦਸ਼ਾਹਪੁਰ ਵੱਲੋਂ ਆ ਰਹੀ ਇੱਕ ਕਾਰ ਪੁਲੀਸ ਨੂੰ ਦੇਖ ਕੇ ਕੱਚੇ ਰਸਤੇ ਵੱਲ ਮੁੜ ਗਈ। ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਜਦੋਂ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਅੱਗੇ ਰਸਤਾ ਬੰਦ ਹੋਣ ’ਤੇ ਉਹ ਪੁਲੀਸ ਨੂੰ ਵੇਖ ਕੇ ਕਾਰ ਵਿੱਚੋਂ ਉਤਰ ਕੇ ਦੌੜਨ ਲੱਗੇ। ਪੁਲੀਸ ਨੇ ਪਿੱਛਾ ਕਰਕੇ ਨਿਸ਼ਾਨ ਸਿੰਘ ਨੂੰ ਕਾਬੂ ਕਰ ਲਿਆ। ਕਾਰ ਵਿਚੋਂ 150 ਕਿੱਲੋ ਭੁੱਕੀ ਬਰਾਮਦ ਹੋਈ। ਅਧਿਕਾਰੀ ਨੇ ਦੱਸਿਆ ਕਿ ਨਿਸ਼ਾਨ ਸਿੰਘ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ।