ਪੱਤਰ ਪ੍ਰੇਰਕ
ਰਾਜਪੁਰਾ, 23 ਜੁਲਾਈ
ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਸਬੰਧੀ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਅਤੇ ਵੀਰਵਾਰ ਤੋਂ ਦਿੱਲੀ ਦੇ ਜੰਤਰ ਮੰਤਰ ’ਤੇ ਆਰੰਭ ਹੋਈ ‘ਕਿਸਾਨ ਸੰਸਦ’ ਵਿੱਚ ਸ਼ਾਮਲ ਹੋਣ ਲਈ ਇਥੋਂ ਨੇੜਲੇ ਪਿੰਡ ਕਬੂਲਪੁਰ ਵਿੱਚ ਕਿਸਾਨ ਆਗੂਆਂ ਜਸਮੇਰ ਸਿੰਘ ਕਬੂਲਪੁਰ, ਜਗਵੀਰ ਸਿੰਘ ਸਾਬਕਾ ਸਰਪੰਚ ਅਤੇ ਮਨਦੀਪ ਸਿੰਘ ਦੀ ਸਾਂਝੀ ਅਗਵਾਈ ਵਿੱਚ ਅੱਧਾ ਦਰਜਨ ਪਿੰਡਾਂ ਦੇ ਕਿਸਾਨਾਂ ਦੀ ਲਾਮਬੰਦੀ ਮੀਟਿੰਗ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾਈ ਆਗੂ ਮਾਨ ਸਿੰਘ ਰਾਜਪੁਰਾ, ਹਰਜੀਤ ਸਿੰਘ ਟਹਿਲਪੁਰਾ, ਤਰਲੋਚਨ ਸਿੰਘ ਨੰਡਿਆਲੀ ਨੇ ਕਿਸਾਨਾਂ ਨੂੰ ਦਿੱਲੀ ਅੰਦੋਲਨ ਹੋਰ ਮਜ਼ਬੂਤ ਕਰਨ ਲਈ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਕਿਸਾਨ ਸੰਸਦ ਵਿੱਚ ਸ਼ਾਮਲ ਹੋਣ ਲਈ ਰਣਨੀਤੀ ਤਿਆਰ ਕੀਤੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਸੰਸਦ ਵਿੱਚ ਸ਼ਾਮਿਲ ਹੋਣ ਲਈ ਉਹ ਲੋੜੀਂਦੇ ਦਸਤਾਵੇਜ਼ ਨਾਲ ਲੈ ਕੇ ਦਿੱਲੀ ਜਾਣ। ਇਸ ਮੌਕੇ ਗੁਰਦੇਵ ਸਿੰਘ ਜੰਡੌਲੀ, ਜਸਪਾਲ ਸਿੰਘ ਸਮੇਤ ਹੋਰਨਾਂ ਨੇ ਵਿਚਾਰ ਪ੍ਰਗਟ ਕੀਤੇ।