ਅਸ਼ਵਨੀ ਗਰਗ
ਸਮਾਣਾ, 15 ਜਨਵਰੀ
ਨਗਰ ਕੌਂਸਲ ਵੱਲੋਂ ਹਲਕਾ ਵਿਧਾਇਕ ’ਤੇ ਮਿਹਰਬਾਨੀ ਦਿਖਾਉਂਦਿਆਂ ਸ਼ਹਿਰ ਦੇ ਸਾਰੇ ਹੀ ਪ੍ਰਮੁੱਖ ਚੌਕਾਂ ਵਿਚ ਲੱਗੇ ਇਸ਼ਤਿਹਾਰੀ ਪੋਲ ਚੋਣ ਪ੍ਰਚਾਰ ਲਈ ਹਲਕਾ ਵਿਧਾਇਕ ਨੂੰ ਦੇਣ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਸਮਾਣਾ ਦੇ ਚੋਣ ਅਧਿਕਾਰੀ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਵਿਚ ਜਿੱਥੇ ਨਗਰ ਕੌਂਸਲ ਦੇ ਸਾਰੇ ਇਸ਼ਤਿਹਾਰੀ ਪੋਲਾਂ, ਰਾਜਨੀਤਕ ਪਾਰਟੀਆਂ ਨੂੰ ਦਿੱਤੀਆਂ ਪ੍ਰਵਾਨਗੀਆਂ, ਵਸੂਲੇ ਕਿਰਾਏ ਆਦਿ ਦੇ ਵੇਰਵੇ ਮੰਗੇ ਹਨ, ਉੱਥੇ ਹੀ ਜ਼ਿਆਦਾਤਰ ਇਸ਼ਤਿਹਾਰੀ ਪੋਲ ਇੱਕ ਹੀ ਰਾਜਨੀਤਕ ਪਾਰਟੀ ਨੂੰ ਦੇਣ ਦਾ ਨੋਟਿਸ ਲੈਂਦਿਆਂ ਤੁਰੰਤ ਉਸ ਪਾਰਟੀ ਦੇ ਹੋਰਡਿੰਗ ਉਤਾਰਨ ਦੇ ਆਦੇਸ਼ ਦੇ ਦਿੱਤੇ ਹਨ।
ਇਸ ਤੋਂ ਤੁਰੰਤ ਬਾਅਦ ਨਗਰ ਕੌਂਸਲ ਨੇ ਸ਼ਹਿਰ ਦੇ ਮੁੱਖ ਚੌਕਾਂ ਵਿਚ ਲੱਗੇ ਹਲਕਾ ਵਿਧਾਇਕ ਦੇ ਅੱਧੇ ਹੋਰਡਿੰਗ ਉਤਾਰ ਦਿੱਤੇ। ਹੁਣ 11 ਪੋਲਾਂ ਵਿਚੋਂ ਹਲਕਾ ਵਿਧਾਇਕ ਨੂੰ ਕੇਵਲ ਚਾਰ ਮੁੱਖ ਬਾਜ਼ਾਰਾਂ ਦੇ ਪੋਲ ਹੀ ਆਪਣੇ ਚੋਣ ਪ੍ਰਚਾਰ ਲਈ ਕਿਰਾਏ ’ਤੇ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਪੰਜਾਬੀ ਟ੍ਰਿਬਿਊਨ ਨੇ ਨਗਰ ਕੌਂਸਲ ਸਮਾਣਾ ਹਲਕਾ ਵਿਧਾਇਕ ਤੇ ਮਿਹਰਬਾਨ ਸਿਹਰਲੇਖ ਤਹਿਤ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਇਸ ਵਿਚ ਸ਼ਹਿਰ ਦੇ ਕੁੱਲ 11 ਇਸ਼ਤਿਹਾਰੀ ਪੋਲਾਂ ਵਿੱਚੋਂ 8 ਪੋਲ ਹਲਕਾ ਵਿਧਾਇਕ ਨੂੰ ਚੋਣ ਪ੍ਰਚਾਰ ਲਈ ਦੇਣ ਸਬੰਧੀ ਇੱਕ ਮਹੀਨਾ ਪਹਿਲਾਂ ਹੀ ਬੁਕਿੰਗ ਦਾ ਖ਼ੁਲਾਸਾ ਕੀਤਾ ਗਿਆ ਸੀ। ਨਗਰ ਕੌਂਸਲ ਦੇ ਇਸ ਕਾਰਜ ’ਤੇ ਦੂਜੀਆਂ ਪਾਰਟੀਆਂ ਨੇ ਵੀ ਉਂਗਲ ਚੁੱਕੀ ਸੀ ਕਿ ਕੋਵਿਡ ਦੌਰਾਨ ਜਦੋਂ ਖੁੱਲ੍ਹ ਕੇ ਚੋਣ ਪ੍ਰਚਾਰ ਕਰਨ ’ਤੇ ਰੋਕ ਲੱਗੀ ਹੋਈ ਹੈ ਅਜਿਹੇ ਵਿਚ ਹੋਰਡਿੰਗ ਰਾਹੀਂ ਪ੍ਰਚਾਰ ਦਾ ਮੌਕਾ ਵੀ ਨਗਰ ਕੌਂਸਲ ਵੱਲੋਂ ਹਲਕਾ ਵਿਧਾਇਕ ਨੂੰ ਦੇ ਕੇ ਦੂਜੀਆਂ ਪਾਰਟੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਬਾਜ਼ਾਰ ਵਿਚ ਇੱਕ ਪਾਰਟੀ ਦੇ ਇਸ਼ਤਿਹਾਰ ਲੋਕਾਂ ’ਤੇ ਉਸ ਪਾਰਟੀ ਦਾ ਪ੍ਰਭਾਵ ਪਾਉਣਗੇ। ਇਸ ਨਾਲ ਜਾਣਬੁੱਝ ਕੇ ਚੋਣ ਪ੍ਰਚਾਰ ਵਿਚ ਦੂਜੀਆਂ ਪਾਰਟੀਆਂ ਨੂੰ ਪਛਾੜਿਆ ਜਾ ਰਿਹਾ ਹੈ।
ਇਸ ਨੋਟਿਸ ਮਗਰੋਂ ਸ਼ਹਿਰ ਦੇ ਚੋਣ ਅਧਿਕਾਰੀ ਨੇ ਤੁਰੰਤ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਨੂੰ ਨੋਟਿਸ ਜਾਰੀ ਕਰ ਕੇ ਉਸ ਰਾਜਨੀਤਕ ਪਾਰਟੀ ਦੇ ਹੋਰਡਿੰਗ ਉਤਾਰਨ ਦੇ ਹੁਕਮ ਦਿੱਤੇ ਹਨ। ਚੋਣ ਅਧਿਕਾਰੀ ਨੇ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਪੋਲ ਕਿਰਾਏ ’ਤੇ ਦੇਣ ਤੋਂ ਪਹਿਲਾਂ ਚੋਣ ਅਧਿਕਾਰੀ ਤੋਂ ਪ੍ਰਵਾਣਗੀ ਲੈਣ ਦੇ ਵੀ ਆਦੇਸ਼ ਦਿੱਤੇ ਹਨ। ਇਸ ਤੋਂ ਤੁਰੰਤ ਬਾਅਦ ਨਗਰ ਕੌਂਸਲ ਨੇ ਸ਼ਹਿਰ ਦੇ ਮੁੱਖ ਚੌਂਕਾਂ ਵਿਚ ਲੱਗੇ ਹਲਕਾ ਵਿਧਾਇਕ ਦੇ ਅੱਧੇ ਹੋਰਡਿੰਗ ਉਤਾਰ ਦਿੱਤੇ।