ਖੇਤਰੀ ਪ੍ਰਤੀਨਿਧ
ਪਟਿਆਲਾ, 9 ਮਾਰਚ
ਕਿਸਾਨਾ ਵੱਲੋਂ ਸਾੜੀ ਜਾਂਦੀ ਪਰਾਲ਼ੀ ਨਾਲ ਕੁੱਲ ਦਰ ਦਾ ਸਿਰਫ਼ ਅੱਠ ਫੀਸਦੀ ਹੀ ਪ੍ਰਦੂਸ਼ਣ ਫੈਲਦਾ ਹੈ। ਜਦਕਿ ਪ੍ਰਦੂਸ਼ਣ ਫੈਲਣ ਦੇ 92 ਫੀਸਦੀ ਸਰੋਤ ਹੋਰ ਹਨ। ਇਹ ਤੱਥ ਪੰਜਾਬੀ ਯੂਨੀਵਰਸਿਟੀ ਵਿੱਚ ਸਥਾਪਿਤ ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਮੁੜ ਬਹਾਲੀ ਕੇਂਦਰ ਅਤੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਐੱਨ.ਪੀ.ਟੀ.ਆਈ. ਨੰਗਲ ਦੇ ਸਹਿਯੋਗ ਨਾਲ ‘ਥਰਮਲ ਪਾਵਰ ਪਲਾਂਟਾਂ ਵਿੱਚ ਬਾਯੋਮਾਸ ਦੀ ਵਰਤੋਂ ਅਤੇ ਨੈਸ਼ਨਲ ਮਿਸ਼ਨ’ ਅਧੀਨ ਕਰਵਾਈ ਗਈ ਇੱਕ ਰੋਜ਼ਾ ਜਾਗਰੂਕਤਾ ਟ੍ਰੇਨਿੰਗ ਦੌਰਾਨ ਉਭਰ ਕੇ ਸਾਹਮਣੇ ਆਏ ਹਨ। ਪ੍ਰੋਗਰਾਮ ਵਿੱਚ ਸ਼ਾਮਲ ਵਿਦਿਆਰਥੀਆਂ, ਖੋਜਾਰਥੀਆਂ ਅਤੇ ਫ਼ੈਕਲਟੀ ਮੈਬਰਾਂ ਅਤੇ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ, ਮਾਹਿਰਾਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਕਿ ਉਹ ਕਿਸ ਤਰ੍ਹਾਂ ਦੀਆਂ ਵਿਧੀਆਂ ਦੀ ਵਰਤੋਂ ਨਾਲ ਪਰਾਲ਼ੀ ਨੂੰ ਸਾੜਨ ਤੋਂ ਬਚ ਸਕਦੇ ਹਨ, ਤਾਂ ਕਿ ਵਾਯੂਮੰਡਲ ਵਿੱਚ ਪ੍ਰਦੂਸ਼ਣ ਉੱਤੇ ਨੱਥ ਪਾਈ ਜਾ ਸਕੇ। ਕਿਸਾਨਾਂ ਵੱਲੋਂ ਮਾਹਿਰਾਂ ਨਾਲ ਸਿੱਧਾ ਸੰਵਾਦ ਵੀ ਰਚਾਇਆ ਗਿਆ। ਕਿਸਾਨਾਂ ਨੇ ਇਸ ਮਸਲੇ ਦੇ ਹੱਲ ਸਬੰਧੀ ਵਿਹਾਰਕ ਪੱਧਰ ਉੱਤੇ ਆਉਂਦੀਆਂ ਮੁਸ਼ਕਿਲਾਂ ਬਾਰੇ ਦੱਸਿਆ ਅਤੇ ਇਸ ਦੇ ਜਵਾਬ ਵਿੱਚ ਵੱਖ-ਵੱਖ ਮਾਹਿਰਾਂ ਵੱਲੋਂ ਉਨ੍ਹਾਂ ਨੂੰ ਹੱਲ ਸੁਝਾਏ ਗਏ। ਇਸ ਟਰੇਨਿੰਗ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਚਿੰਤਕ, ਵਿਦਵਾਨ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਤੱਥ ਪੇਸ਼ ਕੀਤੇ। ਬੇਬਾਕੀ ਨਾਲ਼ ਆਪਣੀ ਗੱਲ ਰੱਖਦਿਆਂ, ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਕਿਸਾਨਾਂ ਵੱਲੋਂ ਪਰਾਲ਼ੀ ਸਾੜਨ ਨਾਲ ਭਾਵੇਂ ਪ੍ਰਦੂਸ਼ਣ ਤਾਂ ਹੁੰਦਾ ਹੈ, ਪਰ ਇਸ ਪ੍ਰਦੂਸ਼ਣ ਦੀ ਦਰ ਕੁੱਲ ਪ੍ਰਦੂਸ਼ਣ ਦਾ ਸਿਰਫ਼ ਅੱਠ ਫ਼ੀਸਦੀ ਹੈ। ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਮੁੜ ਬਹਾਲੀ ਕੇਂਦਰ ਦੇ ਡਾਇਰੈਕਟਰ ਡਾ. ਹਿਮੇਂਦਰ ਭਾਰਤੀ ਨੇ ਕਿਹਾ ਕਿ ਪਿਛਲੇ ਦਿਨੀਂ ਜਲਵਾਯੂ ਤਬਦੀਲੀ ਦੇ ਮੁੱਦੇ ਬਾਰੇ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਗਲੋਬਲ ਤਾਪਮਾਨ 1.1 ਡਿਗਰੀ ਫ਼ੀਸਦੀ ਵਧ ਚੁੱਕਾ ਹੈ। ਜਦੋਂ ਕਿ ਇਹ ਨਿਸ਼ਾਨਾ ਮਿੱਥਿਆ ਗਿਆ ਸੀ ਕਿ ਇਸ ਨੂੰ 1.5 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਿਆ ਜਾਵੇ। ਅਜਿਹਾ ਹੋਣ ਨਾਲ ਜਿੱਥੇ ਬਹੁਤ ਸਾਰੀਆਂ ਪ੍ਰਜਾਤੀਆਂ ਖਤਰੇ ਵਿੱਚ ਆ ਜਾਣਗੀਆਂ, ਉੱਥੇ ਹੀ ਸਮੁੰਦਰਾਂ ਵਿੱਚ ਪਾਣੀ ਦਾ ਪੱਧਰ ਵਧ ਜਾਵੇਗਾ ਜਿਸ ਦਾ ਸਿੱਧਾ ਅਸਰ ਤਕਰੀਬਨ ਡੇਢ ਮਿਲੀਅਨ ਲੋਕਾਂ ਉੱਪਰ ਪਵੇਗਾ।