ਗੁਰਨਾਮ ਸਿੰਘ ਚੌਹਾਨ
ਪਾਤੜਾਂ, 28 ਅਗਸਤ
ਪਿੰਡ ਸ਼ੁਤਰਾਣਾ ਵਿੱਚ ਚਾਰ ਗ਼ਰੀਬ ਪਰਿਵਾਰ ਆਰਥਿਕ ਮੰਦਹਾਲੀ ਤੇ ਕੁਦਰਤੀ ਕਰੋਪੀਆਂ ਤੋਂ ਬੇਹਾਲ ਟੁੱਟੇ ਬਾਲਿਆਂ ਤੇ ਗਲ ਚੁੱਕੀਆਂ ਸ਼ਤੀਰੀਆਂ ਹੇਠ ਰਾਤਾਂ ਕੱਟਣ ਲਈ ਮਜਬੂਰ ਹਨ। ਪਿੰਡ ਸ਼ੁਤਰਾਣਾ ਦੇ ਮਨਸ਼ਾ ਰਾਮ ਅਤੇ ਸੁੰਦਰਾਂ ਬਾਈ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਪੁੱਤਰ ਨਰੇਸ਼ ਕੁਮਾਰ ਤੇ ਬਲਜੀਤ ਕੁਮਾਰ ਜਮਾਂਦਰੂ ਅੱਖਾਂ ਤੋਂ ਮੁਨਾਖੇ ਹਨ ਜਿਨ੍ਹਾਂ ਦਾ ਵਿਸ਼ਾਖਾਪਟਨਮ ਤੱਕ ਇਲਾਜ ਕਰਵਾਇਆ ਗਿਆ, ਪਰ ਉਹ ਠੀਕ ਨਹੀਂ ਹੋਏ। ਉਨ੍ਹਾਂ ਕੋਲ ਜਿੰਨੀ ਪੂੰਜੀ ਸੀ, ਉਹ ਖਰਚ ਹੋ ਗਈ ਅਤੇ ਹੁਣ ਉਨ੍ਹਾਂ ਦੇ ਮਕਾਨਾਂ ਦੀਆਂ ਛੱਤਾਂ ਗਾਡਰ ਸਭ ਡਿੱਗਣ ਵਾਲੇ ਹਨ।
ਦੂਜੇ ਗਰੀਬ ਪਰਿਵਾਰ ਦੀ ਵਿਧਵਾ ਜੰਗੀਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਕਾਲਾ ਰਾਮ ਦੀ 24 ਸਾਲ ਪਹਿਲਾਂ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ ਤੇ ਉਸ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ। ਉਨ੍ਹਾਂ ਨੂੰ ਟੁੱਟੇ ਹੋਏ ਬਾਲਿਆਂ ਦੀ ਛੱਤ ਹੇਠਾਂ ਵਿਆਹੁਣਯੋਗ ਧੀ ਨਾਲ ਰਹਿਣਾ ਪੈ ਰਿਹਾ ਹੈ। ਤੀਸਰੇ ਗ਼ਰੀਬ ਪਰਿਵਾਰ ਦੇ ਨੇਕੀ ਰਾਮ ਅਤੇ ਬਿਰਮਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਨੌਜਵਾਨ ਪੁੱਤਰ ਈਸ਼ਵਰ ਦੀ ਮੌਤ ਗਲੇ ਦੇ ਕੈਂਸਰ ਕਾਰਨ ਹੋ ਗਈ ਸੀ। ਜਿੰਨੀ ਉਨ੍ਹਾਂ ਦੀ ਕਮਾਈ ਸੀ, ਉਹ ਇਲਾਜ ’ਤੇ ਖਰਚੀ ਗਈ ਤੇ ਹੁਣ ਦੋਵੇਂ ਜੀਅ ਟੁੱਟ ਚੁੱਕੀ ਸ਼ਤੀਰੀ ਹੇਠ ਲੱਕੜ ਦੇ ਕੇ ਮੌਤ ਦੇ ਸਾਏ ਹੇਠ ਜ਼ਿੰਦਗੀ ਕੱਟਣ ਲਈ ਮਜਬੂਰ ਹਾਂ।
ਇਸੇ ਤਰ੍ਹਾਂ ਚੌਥੇ ਗ਼ਰੀਬ ਪਰਿਵਾਰ ਸੁਰਜੀਤ ਰਾਮ ਅਤੇ ਕਮਲੇਸ਼ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਸੁੁੱਖਾ ਅਤੇ ਧੀ ਮਨਜੀਤ ਕੌਰ ਨੂੰ ਜਨਮ ਵੇਲੇ ਤੋਂ ਵਿਖਾਈ ਨਹੀਂ ਦਿੰਦਾ। ਉਨ੍ਹਾਂ ਦੀ ਸਾਰੀ ਕਮਾਈ ਉਨ੍ਹਾਂ ਦੇ ਇਲਾਜ ਅਤੇ ਪਰਿਵਾਰ ਦੇ ਪਾਲਣ-ਪੋਸ਼ਣ ਉੱਤੇ ਲੱਗ ਰਹੀ ਹੈ। ਉਨ੍ਹਾਂ ਦਾ ਇੱਕ ਹੋਰ ਪੁੱਤਰ ਦੂਸਰੇ ਸੂਬੇ ਵਿੱਚ ਮਜ਼ਦੂਰੀ ਕਰ ਕੇ ਗੁਜ਼ਾਰਾ ਚਲਾ ਰਿਹਾ ਸੀ, ਪਰ ਉਸਦੀ ਸੜਕ ਹਾਦਸੇ ’ਚ ਮੌਤ ਹੋ ਗਈ। ਹੁਣ ਸਾਰਾ ਪਰਿਵਾਰ ਗਲ ਚੁੱਕੀ ਛੱਤ ਹੇਠ ਰਹਿਣ ਲਈ ਮਜਬੂਰ ਹੈ। ਇਨ੍ਹਾਂ ਪਰਿਵਾਰਾਂ ਨੇ ਸਰਕਾਰ ਤੋਂ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਵਾਸਤੇ ਇਮਦਾਦ ਦੇਣ ਦੀ ਮੰਗ ਕੀਤੀ ਹੈ।