ਪੱਤਰ ਪ੍ਰੇਰਕ
ਰਾਜਪੁਰਾ, 14 ਸਤੰਬਰ
ਇਥੋਂ ਦੇ ਸ਼ਹਿਰੀ ਖੇਤਰ ਵਿੱਚੋਂ ਗੁਜ਼ਰਦੀ ਕਾਲਕਾਂ ਰੋਡ ਵਾਲੇ ਰੇਲਵੇ ਓਵਰਬ੍ਰਿਜ ’ਤੇ ਨਗਰ ਕੌਂਸਲ ਵੱਲੋਂ ਦੋਵੇਂ ਪਾਸੇ ਲੋਹੇ ਦੇ ਗਾਡਰਾਂ ਵਾਲੇ ਬੈਰੀਕੇਡ ਲਗਾ ਕੇ ਭਾਰੀ ਵਾਹਨਾਂ ਜਿਵੇਂ ਬੱਸਾਂ, ਟਰੱਕਾਂ ਸਮੇਤ ਹੋਰਨਾਂ ਵਾਹਨਾਂ ਦੀ ਆਵਾਜਾਈ ਰੋਕਣ ਨਾਲ ਛੋਟੇ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ। ਦੱਸਣਯੋਗ ਹੈ ਕਿ ਕਰੀਬ ਦੋ ਦਹਾਕੇ ਪਹਿਲਾਂ ਸਰਕਾਰ ਦੁਆਰਾ ਸ਼ਹਿਰੀ ਖੇਤਰ ਵਿੱਚੋਂ ਗੁਜ਼ਰਦੀ ਕਾਲਕਾ ਰੋਡ ਨੂੰ ਟਾਊਨ ਨਾਲ ਜੋੜਨ ਵਾਸਤੇ ਰੇਲਵੇ ਫਾਟਕ ਉਪਰੋਂ ਓਵਰਬ੍ਰਿਜ ਦੀ ਉਸਾਰੀ ਕੀਤੀ ਗਈ ਸੀ। ਉਸ ਸਮੇਂ ਓਵਰਬ੍ਰਿਜ ਦੇ ਤੰਗ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਇਸ ਓਵਰਬ੍ਰਿਜ ਤੋਂ ਭਾਰੀ ਵਾਹਨਾਂ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਸੀ। ਪ੍ਰੰਤੂ ਕੁਝ ਸਾਲ ਪਹਿਲਾਂ ਭਾਰੀ ਵਾਹਨ ਚਾਲਕਾਂ ਵੱਲੋਂ ਨਗਰ ਕੌਂਸਲ ਦੁਆਰਾ ਓਵਰਬ੍ਰਿਜ ’ਤੇ ਲਗਾਈਆਂ ਰੋਕਾਂ ਹਟਾਉਣ ’ਤੇ ਓਵਰਬ੍ਰਿਜ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਆਰੰਭ ਹੋ ਗਈ ਜਿਸ ਨਾਲ ਇਸ ਓਵਰਬ੍ਰਿਜ ’ਤੇ ਰੋਜ਼ਾਨਾ ਹੀ ਜਾਮ ਵਰਗੇ ਹਾਲਾਤ ਬਣੇ ਰਹਿਣ ਲੱਗੇ ਅਤੇ ਆਵਾਜਾਈ ਵਿੱਚ ਅਕਸਰ ਵਿਘਨ ਪਿਆ ਰਹਿੰਦਾ ਸੀ। ਇਸ ਕਾਰਨ ਹਾਦਸੇ ਵਾਪਰਦੇ ਰਹਿੰਦੇ ਸਨ। ਅੱਜ ਮੁੜ ਨਗਰ ਕੌਂਸਲ ਵੱਲੋਂ ਇਸ ਓਵਰਬ੍ਰਿਜ ਦੇ ਦੋਵੇਂ ਪਾਸੇ ਲੋਹੇ ਦੇ ਗਾਡਰਾਂ ਵਾਲੇ ਬੈਰੀਕੇਟ ਲਗਾ ਕੇ ਭਾਰੀ ਵਾਹਨਾਂ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਹੈ ਅਤੇ ਭਾਰੀ ਵਾਹਨ ਚਾਲਕਾਂ ਨੂੰ ਨਵੇਂ ਅੰਡਰਬ੍ਰਿਜ ਰਸਤਿਓਂ ਜਾਣ ਲਈ ਆਖਿਆ ਜਾ ਰਿਹਾ ਹੈ।
ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਅਤੇ ਟਰੈਫਿਕ ਪੁਲੀਸ ਦੇ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਓਵਰਬ੍ਰਿਜ ’ਤੇ ਭਾਰੀ ਵਾਹਨਾਂ ਦਾ ਲਾਂਘਾ ਬੰਦ ਹੋਣ ਨਾਲ ਰਾਹਗੀਰਾਂ ਤੇ ਛੋਟੇ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ।