ਜੈਸਮੀਨ ਭਾਰਦਵਾਜ
ਨਾਭਾ, 24 ਅਕਤੂਬਰ
ਇੱਥੇ ਬੇਮੌਸਮੀ ਬਰਸਾਤ ਕਾਰਨ ਖੇਤਾਂ ਅਤੇ ਮੰਡੀ ਵਿੱਚ ਪਾਣੀ ਖੜ੍ਹ ਜਾਣ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ। ਮੰਡੀ ਵਿੱਚ ਪਈ ਜ਼ੀਰੀ ਭਿੱਜ ਗਈ ਅਤੇ ਫ਼ਸਲ ਦੀ ਵਾਢੀ ਵੀ ਅੱਗੇ ਪੈ ਗਈ ਅਤੇ ਝਾੜ ਘਟਣ ਦਾ ਵੀ ਅਨੁਮਾਨ ਹੈ। ਨਾਭਾ ਐਸਡੀਐਮ ਕਨੂੰ ਗਰਗ ਨੇ ਦੱਸਿਆ ਕਿ ਖੇਤਾਂ ਵਿੱਚ ਅਜੇ ਪਾਣੀ ਕਾਫੀ ਖੜਾ ਹੈ ਅਤੇ ਬਰਸਾਤ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਜਿਸ ਕਾਰਨ ਅਜੇ ਨੁਕਸਾਨ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਸਵਿੰਦਰ ਸਿੰਘ ਸਾਲੂਵਾਲ ਨੇ ਦੱਸਿਆ ਕਿ ਲਗਭਗ ਇਕ ਤਿਹਾਈ ਝਾੜ ’ਤੇ ਅਸਰ ਪਵੇਗਾ ਅਤੇ ਕਣਕ ਦੀ ਬਿਜਾਈ ਵੀ ਦੇਰੀ ਨਾਲ ਹੋਣ ਕਾਰਨ ਉਸਦੇ ਝਾੜ ’ਤੇ ਵੀ ਅਸਰ ਪੈਣਾ ਲਾਜ਼ਮੀ ਹੈ। ਇਸ ਮੌਕੇ ਕਿਸਾਨਾਂ ਨੇ ਖਰਾਬ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਅਤੇ ਜ਼ੀਰੀ ਵਿੱਚੋਂ ਨਮੀ ਵਿੱਚ ਛੋਟ ਦੇਣ ਦੀ ਵੀ ਮੰਗ ਕੀਤੀ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਦਿੜ੍ਹਬਾ ਅਤੇ ਇਲਾਕੇ ਦੇ ਪਿੰਡਾਂ ਵਿੱਚ ਭਾਰੀ ਮੀਂਹ, ਹਨੇਰੀ ਤੇ ਗੜੇ ਪਏ। ਪਿੰਡ ਸ਼ਾਦੀਹਰੀ ਅਤੇ ਹੋਰ ਪਿੰਡਾਂ ਦੇ ਖੇਤਾਂ ਵਿੱਚ ਕਿਸਾਨ ਦੀ ਝੋਨੇ ਦੀ ਫ਼ਸਲ ਤੇਜ਼ ਬਾਰਸ਼ ਤੇ ਹਨੇਰੀ ਕਾਰਨ ਧਰਤੀ ’ਤੇ ਵਿਛ ਗਈ ਅਤੇ ਦਿੜ੍ਹਬਾ ਦੀ ਮੰਡੀ ਵਿੱਚ ਵੀ ਬਰਸਾਤ ਦਾ ਪਾਣੀ ਭਰ ਹੈ ਜਿਸ ਨਾਲ ਕਿਸਾਨ ਚਿੰਤਾ ਵਿੱਚ ਡੁੱਬ ਗਏ ਹਨ। ਕਿਸਾਨਾਂ ਨੇ ਦੱਸਿਆ ਕਿ ਅਨੁਮਾਨ ਹੈ ਕਿ ਇਸ ਬਾਰਸ਼ ਨਾਲ 10 ਤੋਂ 15 ਮਣ ਪ੍ਰਤੀ ਏਕੜ ਝੇਨੇ ਦੀ ਫਸਲ ਦਾ ਝਾੜ ਘੱਟ ਨਿਕਲੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਕਿਸਾਨਾਂ ਦੇ ਹੋਏ ਇਸ ਨੁਕਸਾਨ ਦੀ ਤੁਰੰਤ ਪੂਰਤੀ ਕਰਨ ਦੀ ਮੰਗ ਕੀਤੀ।
ਮੀਂਹ ਕਾਰਨ ਝੋਨੇ ਦੀ ਵਾਢੀ ਰੁਕੀ
ਘਨੌਰ (ਬਹਾਦਰ ਸਿੰਘ ਮਰਦਾਂਪੁਰ): ਇਸ ਖਿੱਤੇ ਵਿੱਚ ਸਵੇਰ ਤੋਂ ਲਗਾਤਾਰ ਪੈ ਰਹੇ ਹਲਕੇ ਅਤੇ ਦਰਮਿਆਨੇ ਮੀਂਹ ਕਾਰਨ ਝੋਨੇ ਦੀ ਵਾਢੀ ਰੁਕਣ ਨਾਲ ਕਿਸਾਨਾਂ ਦੀ ਚਿੰਤਾ ਵੱਧ ਗਈ ਅਤੇ ਪੱਕੀ ਹੋਈ ਝੋਨੇ ਦੀ ਫਸਲ ਨੂੰ ਨੁਕਸਾਨ ਪੁੱਜਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਸ ਖੇਤਰ ਵਿੱਚ ਅੱਜ ਸਵੇਰ ਤੋਂ ਹੀ ਰਹੀ ਹਲਕਾ ਮੀਂਹ ਪੈ ਰਿਹਾ ਹੈ। ਇਸ ਕਾਰਨ ਜ਼ੋਰਾਂ ਨਾਲ ਚੱਲ ਰਹੀ ਝੋਨੇ ਦੀ ਵਾਢੀ ਵਿੱਚ ਖੜੋਤ ਆ ਗਈ ਅਤੇ ਮੰਡੀਆਂ ਵਿੱਚ ਝੋਨੇ ਦੀ ਆਮਦ ਘੱਟ ਗਈ। ਅੱਜ ਝੋਨੇ ਦੀ ਵਾਢੀ ਨਾ ਹੋਣ ਕਾਰਨ ਰਾਜਪੁਰਾ ਅਤੇ ਘਨੌਰ ਦੀਆ ਮੰਡੀਆਂ ਵਿੱਚ ਝੋਨੇ ਦੀ ਕਾਫੀ ਘੱਟ ਆਮਦ ਹੋਈ ਪਰ ਦੋਵੇਂ ਮੰਡੀਆਂ ਵਿੱਚ ਮੀਂਹ ਕਾਰਨ ਆਮਦ ਹੋਏ ਝੋਨੇ ਦੀ ਵੀ ਬੋਲੀ ਨਹੀਂ ਲੱਗੀ। ਮੰਡੀ ਵਿੱਚ ਪਈ ਝੋਨੇ ਦੀਆਂ ਅਣਵਿਕੀਆਂ ਢੇਰੀਆਂ ਅਤੇ ਸਰਕਾਰੀ ਏਜੰਸੀ ਦੁਆਰਾ ਖਰੀਦੇ ਗਏ ਝੋਨੇ ਦੀਆਂ ਬੋਰੀਆਂ ਨੂੰ ਤਰਪਾਲਾਂ ਨਾਲ ਢੱਕ ਦਿੱਤਾ ਗਿਆ। ਮੌਸਮ ਵਿੱਚ ਆਏ ਅਚਾਨਕ ਵਿਗਾੜ ਨੇ ਕਿਸਾਨਾਂ, ਆੜ੍ਹਤੀਆਂ ਅਤੇ ਖੇਤੀਬਾੜੀ ਨਾਲ ਜੁੜੇ ਹੋਰਨਾਂ ਲੋਕਾਂ ਦੀ ਚਿੰਤਾਂ ਵਧਾ ਦਿੱਤੀ ਹੈ। ਕਿਸਾਨ ਕੁਲਵਿੰਦਰ ਸਿੰਘ ਮਰਦਾਂਪੁਰ, ਧਰਮਪਾਲ ਸਿੰਘ ਸੀਲ, ਗੁਰਮੀਤ ਸਿੰਘ ਬਹਾਵਲਪੁਰ, ਸੁਖਵਿੰਦਰ ਸਿੰਘ ਨੈਣਾਂ ਅਤੇ ਦਲਜੀਤ ਸਿੰਘ ਕੋਹਲੇ ਮਾਜਰਾ ਸਮੇਤ ਹੋਰਾਂ ਨੇ ਦੱਸਿਆ ਕਿ ਅੱਜ ਦੇ ਮੀਂਹ ਕਾਰਨ ਝੋਨੇ ਦੀ ਵਾਢੀ ਹੀ ਨਹੀਂ ਰੁਕੀ ਸਗੋਂ ਕਣਕ, ਤੇਲ ਬੀਜ, ਆਲੂ, ਗਾਜਰ, ਮੂਲੀ ਸਮੇਤ ਹੋੋਰ ਸਬਜੀ ਦੀ ਬਿਜਾਈ ਪੱਛੜਨ ਦੇ ਆਸਾਰ ਬਣ ਗਏ ਹਨ। ਮਾਰਕੀਟ ਕਮੇਟੀ ਰਾਜਪੁਰਾ ਤੇ ਘਨੌਰ ਦੇ ਸਕੱਤਰ ਜੈ ਵਿਜੈ ਨੇ ਦੱਸਿਆ ਕਿ ਮੌਸਮ ਵਿੱਚ ਅਚਾਨਕ ਆਏ ਵਿਗਾੜ ਕਾਰਨ ਝੋਨੇ ਦੀ ਵਾਢੀ ਰੁਕਣ ਤੇ ਮੰਡੀਆਂ ਵਿੱਚ ਆਮਦ ਵੀ ਬਿਲਕੁਲ ਘੱਟ ਹੋਈ ਹੈ।
ਗੜੇਮਾਰੀ ਕਾਰਨ ਦਰਜਨਾਂ ਪਿੰਡਾਂ ਦੀ 100 ਫ਼ੀਸਦੀ ਫ਼ਸਲ ਨਸ਼ਟ
ਸਮਾਣਾ (ਸੁਭਾਸ਼ ਚੰਦਰ): ਸਮਾਣਾ ਹਲਕੇ ਵਿੱਚ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਕਰੀਬ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਖੇਤਾਂ ਵਿੱਚ ਝੋਨੇ ਦੀ ਖੜ੍ਹੀ ਫ਼ਸਲ ਦੀਆਂ ਮੁੰਜਰਾਂ ਝੜ੍ਹ ਜਾਣ ਕਰ ਕੇ ਸਾਰੀ ਦੀ ਸਾਰੀ ਫਸਲ ਨਸ਼ਟ ਹੋ ਗਈ। ਜਿਸ ਕਰਕੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਅਤੇ ਆਮ ਲੋਕਾਂ ਨੇ ਕੁਦਰਤੀ ਕਰੋਪੀ ਤੋਂ ਕੁਝ ਰਾਹਤ ਲਈ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਹਲਕੇ ਦੇ ਪਿੰਡ ਲਲੋਛੀ, ਖਾਨਪੁਰ, ਕੂਕਾ, ਫਤਿਹ-ਮਾਜਰੀ, ਕਾਨਗੜ੍ਹ, ਗਾਜੀਪੁਰ, ਅਚਰਾਲਾਂ, ਬੰਮਣਾ, ਕੁਲਬੁਰਛਾਂ, ਖੇੜੀ ਭੀਮਾ, ਬਿਸ਼ਨਪੁਰਾ ਆਦਿ ਦੇ ਕਿਸਾਨਾਂ ਜਗਤਾਰ ਸਿੰਘ, ਸਤਨਾਮ ਸਿੰਘ, ਭਗਤ ਰਾਮ, ਗੁਰਨਾਮ ਸਿੰਘ, ਯਾਦਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਨ੍ਹਾਂ ਫ਼ਸਲ ਦਾ ਇੱਕ ਵੀ ਦਾਣਾ ਨਹੀਂ ਬਚਿਆ, ਜਿਸ ਕਰਕੇ ਪੂਰੀ ਮਿਹਨਤ ਨਾਲ ਪੂਰਾ ਖਰਚ ਲਗਾ ਕੇ ਤਿਆਰ ਕੀਤੀ ਕਰੀਬ 60 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਫਸਲ ਨਸ਼ਟ ਹੋਣ ਨਾਲ ਕਿਸਾਨਾਂ ਵੱਲੋਂ ਪਹਿਲਾਂ ਤੋਂ ਹੀ ਉਲੀਕੇ ਕੰਮਾਂ ’ਤੇ ਪਾਣੀ ਫਿਰ ਗਿਆ ਹੈ। ਉਨ੍ਹਾਂ 85 ਫ਼ੀਸਦੀ ਫਸਲ ਖੇਤਾਂ ਵਿਚ ਖੜ੍ਹੇ ਹੋਣ ਦੀ ਗੱਲ ਵੀ ਕੀਤੀ। ਇਸ ਸਬੰਧੀ ਐੱਸਡੀਐੱਮ ਨੇ ਦਰਜਨ ਤੋਂ ਵੱਧ ਪਿੰਡਾਂ ਵਿੱਚ ਜੀਰੀ ਦੀ ਫਸਲ ਦਾ ਨੁਕਸਾਨ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਟਵਾਰੀਆਂ ਨੂੰ ਗਿਰਦਾਵਰੀ ਕਰਨ ਦੇ ਹੁਕਮ ਕਰ ਦਿੱਤੇ ਹਨ, ਜਿਨ੍ਹਾਂ ਦੀ ਕੱਲ੍ਹ ਨੂੰ ਉੱਚ ਅਧਿਕਾਰੀਆਂ ਰਾਹੀਂ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ।