ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਜੁਲਾਈ
ਕੰਟਰੈਕਟ ਆਧਾਰ ’ਤੇ ਨਿਗੂਣੀਆਂ ਤਨਖ਼ਾਹਾਂ ਲੈ ਰਹੀਆਂ ਮਲਟੀਪਰਪਜ਼ ਫੀਮੇਲ ਹੈਲਥ ਵਰਕਰਜ਼ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ 7 ਅਗਸਤ ਨੂੰ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਦਾ ਘਿਰਾਓ ਕਰਨਗੀਆਂ। ਇਹ ਐਲਾਨ ਮਲਟੀਪਰਪਜ਼ ਹੈਲਥ ਵਰਕਰਜ਼ (ਫੀਮੇਲ) ਯੂਨੀਅਨ ਦੀ ਜਨਰਲ ਸਕੱਤਰ ਰਾਜਬੀਰ ਕੌਰ ਰਾਮਗੜ੍ਹ ਨੇ ਇਥੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਜਾਰੀ ਯੂਨੀਅਨ ਦੇ ਛੇਵੇਂ ਦਿਨ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਦੌਰਾਨ ਹੀ ਰਾਜਬੀਰ ਕੌਰ ਰਾਮਗੜ੍ਹ ਸਮੇਤ ਪਰਮਜੀਤ ਕੌਰ, ਰਾਜਵਿੰਦਰ ਸਿੰਘ, ਮੀਨਾ ਥਾਪਾ ਅਤੇ ਹਰਵਿੰਦਰ ਕੌਰ ਨੇ ਦਿਨ ਭਰ ਭੁੱਖ ਹੜਤਾਲ਼ ਰੱਖ ਕੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਮੌਕੇ ’ਤੇ ਐੱਲਐੱਚਵੀ ਰਣਧੀਰ ਕੌਰ ਚਹਿਲ (ਈਐਸਆਈ ਡਿਸਪੈਂਸਰੀ), ਐੱਲਐੱਚਵੀ ਹਰਜੀਤ ਕੌਰ ਘਨੌਰ ਅਤੇ ਸਵਰਨਜੀਤ ਕੌਰ ਹਰਪਾਲਪੁਰ ਆਦਿ ਨੇ ਵੀ ਹਮਾਇਤ ’ਚ ਇਸ ਧਰਨੇ ’ਚ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਜਨਰਲ ਸਕੱਤਰ ਰਾਜਬੀਰ ਕੌਰ ਰਾਮਗੜ੍ਹ ਨੇ ਕਿਹਾ ਕਿ ਇਹ ਮਲਟੀਪਰਪਜ਼ ਹੈਲਥ ਵਰਕਰਾਂ ਕਰੋਨਾ ਦੌਰਾਨ ਜਾਨ ਜ਼ੋਖਮ ’ਚ ਪਾ ਕੇ ਡਿਊਟੀਆਂ ਨਿਭਾਅ ਰਹੀਆਂ ਹਨ ਪਰ ਸੇਵਾਵਾਂ ਰੈਗੂਲਰ ਕਰਨ ਦੀ ਥਾਂ ਸਰਕਾਰ ਵੱਲੋਂ 600 ਸਿੱਧੀਆਂ ਅਤੇ ਰੈਗੂਲਰ ਅਸਾਮੀਆਂ ਬਾਹਰੋਂ ਭਰੀਆਂ ਜਾ ਰਹੀਆਂ ਹਨ। ਇਸ ਨੂੰ ਕੰਟਰੈਕਟ ਆਧਾਰਿਤ 2211 ਹੈਲਥ ਵਰਕਰਾਂ ਨਾਲ਼ ਧਰੋਹ ਕਰਾਰ ਦਿੰਦਿਆਂ, ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਵੱਲੋਂ ਕਰੋਨਾ ਯੋਧੇ ਕਹਿ ਕੇ ਸਨਮਾਨ ਦੇਣ ਦਾ ਸਿਰਫ਼ ਢੌਂਗ ਹੀ ਰਚਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਬਾਹਰੋਂ ਭਰਤੀ ਦੀ ਥਾਂ ਪਹਿਲਾਂ ਕਾਰਜਸ਼ੀਲ ਵਰਕਰਾਂ ਨੂੰ ਰੈਗੂਲਰ ਕਰਨ, ਸਪੈਸ਼ਲ ਇਨਕਰੀਮੈਂਟ ਦੇਣ ਦੀ ਮੰਗ ਤਹਿਤ 24 ਜੁਲਾਈ ਤੋਂ 6 ਅਗਸਤ ਤੱਕ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਜਾਰੀ ਲੜੀਵਾਰ ਭੁੱਖ ਹੜਤਾਲ਼ ਮਗਰੋਂ 7 ਅਗਸਤ ਨੂੰ ਪੰਜਾਬ ਭਰ ਦੀਆਂ ਹੈਲਥ ਵਰਕਰਾਂ ਵੱਲੋਂ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕੀਤਾ ਜਾਵੇਗਾ।