ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਅਗਸਤ
ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ’ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਜੂਟ, ਕੱਪੜੇ, ਲੱਕੜ, ਦਰਖ਼ਤਾਂ ਦੇ ਪੱਤਿਆਂ, ਸਟਾਰਚ, ਕਾਗ਼ਜ਼ ਅਤੇ ਗ਼ਲਣਯੋਗ ਪਦਾਰਥਾਂ ਤੋਂ ਬਣੇ ਅਤੇ ਰੋਜ਼ਾਨਾ ਘਰੇਲੂ ਵਰਤੋਂ ’ਚ ਆਉਣ ਵਾਲੇ ਸਾਜ਼ੋ-ਸਾਮਾਨ ਨੂੰ ਹੀ ਵਰਤਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਨੂੰ ਪਲਾਸਟਿਕ ਮੁਕਤ, ਹਰਿਆ-ਭਰਿਆ ਅਤੇ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ। ਉਹ ‘ਸਿੰਗਲ ਯੂਜ਼ ਪਲਾਸਟਿਕ’ ’ਤੇ ਪਾਬੰਦੀ ਸਬੰਧੀ ਮੁਹਿੰਮ ਦੀ ਕੜੀ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਅੱਜ ਇੱਥੇ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿੱਚ ਕਰਵਾਏ ਗਏ ਜਾਗਰੂਕਤਾ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 12 ਅਗਸਤ 2021 ਨੂੰ ਨੋਟੀਫਿਕੇਸ਼ਨ ਰਾਹੀਂ ਸਿੰਗਲ ਯੂਜ਼ ਪਲਾਸਟਿਕ ਵਸਤਾਂ ਦੇ ਨਿਰਮਾਣ, ਆਯਾਤ, ਵੰਡ, ਵਿਕਰੀ ਤੇ ਵਰਤੋਂ ’ਤੇ ਪਹਿਲੀ ਜੁਲਾਈ ਤੋਂ ਪਾਬੰਦੀ ਲਗਾਈ ਗਈ ਹੈ। ਪੰਜਾਬ ਸਰਕਾਰ ਵੱਲੋਂ ਵੀ ਇਸ ਦੀ ਰੋਕਥਾਮ ਯਕੀਨੀ ਬਣਾਉਣ ਲਈ ਇਹ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਮੰਤਰੀ ਨੇ ਕੱਪੜੇ ਦੇ ਝੋਲ਼ਿਆਂ, ਬਾਇਓਡੀਗ੍ਰੇਡੇਬਲ ਵਸਤਾਂ ਤੇ ਕਰਾਕਰੀ ਦੀ ਇੱਥੇ ਲੱਗੀ ਪ੍ਰਦਰਸ਼ਨੀ ਦਾ ਜਾਇਜ਼ਾ ਵੀ ਲਿਆ। ਮੰਚ ਸੰਚਾਲਨ ਰੁਪਿੰਦਰ ਕੌਰ ਗਰੇਵਾਲ ਨੇ ਕੀਤਾ।
ਇਸ ਮੌਕੇ ਪ੍ਰੋ. ਰਿਚਾ ਬਾਂਸਲ ਨੇ ਵਾਤਾਵਰਨ ਸੰਭਾਲ ਅਤੇ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਆਈਸੀਐਸਈ ਦੀ ਪ੍ਰੀਖਿਆ ਦੌਰਾਨ ਬਾਰ੍ਹਵੀਂ ਵਿਚੋਂ ਦੇਸ਼ ਭਰ ਵਿਚੋਂ ਦੂਜਾ ਅਤੇ ਪੰਜਾਬ ਵਿਚੋਂ ਪਹਿਲਾ ਰੈਂਕ ਹਾਸਲ ਕਰਨ ਵਾਲ਼ੀ ਬ੍ਰਿਟਿਸ਼ ਸਕੂਲ ਦੀ ਜੋਆਇ ਜਸਮੀਨ ਕੌਰ ਸਮੇਤ ਰੂਪਲੀਨ ਕੌਰ, ਮੰਨਤਪ੍ਰੀਤ ਕੌਰ ਆਦਿ ਵਿਦਿਆਰਥਣਾਂ ਸਣੇ ਸਰਪੰਚ ਯੁਵਰਾਜ ਸਿੰਘ ਨੇ ਵਿਚਾਰ ਰੱਖੇ। ਪੰਜਾਬੀ ਯੂਨੀਵਰਸਿਟੀ ਵਿਚਲੇ ਸਕੂਲ ਦੇ ਵਿਦਿਆਰਥੀਆਂ ਨੇ ਨੁੱਕੜ ਨਾਟਕ ਰਾਹੀਂ ਉਸਾਰੂ ਸੁਨੇਹਾ ਦਿੱਤਾ।
ਆਯੁਰਵੈਦਿਕ ਉਪਵੈਦ ਯੂਨੀਅਨ ਨੇ ਸੌਂਪਿਆ ਮੰਗ ਪੱਤਰ
ਪਟਿਆਲਾ: ‘ਸਰਕਾਰੀ ਆਯੁਰਵੈਦਿਕ ਉਪਵੈਦ ਯੂਨੀਅਨ ਪੰਜਾਬ’ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਇੱਥੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਵਫ਼ਦ ’ਚ ਪ੍ਰਧਾਨ ਤੇਜਿੰਦਰ ਸਿੰਘ ਤੇਜੀ ਸਣੇ ਸਿਕੰਦਰ ਸ਼ਰਮਾ ਅਤੇ ਹਰਮੇਸ਼ ਸਿੰਘ ਆਦਿ ਅਹੁਦੇਦਾਰ ਵੀ ਸਨ। ਵਫ਼ਦ ਨੇ ਮੰਤਰੀ ਨੂੰ ਦੱਸਿਆ ਕਿ ਉਪਵੈਦਾਂ ਲਈ ਤਰੱਕੀ ਦੀ ਵਿਵਸਥਾ ਨਾ ਹੋਣ ਕਾਰਨ ਉਪਵੈਦ ਵਜੋਂ ਭਰਤੀ ਹੋ ਕੇ ਉਹ ਇਸੇ ਹੀ ਅਹੁਦੇ ਤੋਂ ਸੇਵਾਮੁਕਤ ਹੋ ਜਾਂਦੇ ਹਨ। ਮੰਤਰੀ ਨੇ ਉਨ੍ਹਾਂ ਨੂੰ ਮੰਗਾਂ ਦੀ ਪੂਰਤੀ ਦਾ ਭਰੋਸਾ ਦਿੱਤਾ।