ਅਸ਼ਵਨੀ ਗਰਗ/ਸੁਭਾਸ਼ ਚੰਦਰ
ਸਮਾਣਾ, 23 ਜੁਲਾਈ
ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅੱਜ ਆਪਣੇ ਹਲਕੇ ਦੇ ਸਮਾਣਾ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਦੇਖ ਕੇ ਨਿਰਾਸ਼ ਹੋਏ ਸਿਹਤ ਮੰਤਰੀ ਨੇ ਹਸਪਤਾਲ ਦੇ ਐੱਸਐੱਮਓ ਤੇ ਹੋਰ ਸਟਾਫ਼ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜਿਹੜੇ ਮੁਲਾਜ਼ਮ ਕੰਮ ਨਹੀਂ ਕਰਨਗੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਸਮਾਣਾ ਦਾ ਸਿਵਲ ਹਸਪਤਾਲ ਪੰਜਾਬ ਦੇ ਪ੍ਰਮੁੱਖ ਹਸਪਤਾਲਾਂ ਵਿੱਚੋਂ ਇੱਕ ਹੋਵੇਗਾ, ਜਿੱਥੇ ਹਰ ਤਰ੍ਹਾਂ ਦਾ ਇਲਾਜ ਹੋਵੇਗਾ। ਸਿਵਲ ਹਸਪਤਾਲ ਦਾ ਦੌਰਾ ਕਰਨ ਪੁੱਜੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਭ ਤੋਂ ਪਹਿਲਾਂ ਹਸਪਤਾਲ ਤੇ ਆਲੇ-ਦੁਆਲੇ ਦੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਖੁੱਲ੍ਹਾ ਪਿਆ ਸੀਵਰੇਜ ਦਾ ਮੈਨਹੋਲ, ਥਾਂ-ਥਾਂ ਪਏ ਗੰਦਗੀ ਦੇ ਢੇਰ, ਗੰਦਗੀ ਨਾਲ ਭਰੇ ਪਏ ਕੂੜੇਦਾਨ ਅਤੇ ਥਾਂ-ਥਾਂ ਖੜ੍ਹਾ ਗੰਦਾ ਪਾਣੀ ਦੇਖ ਕੇ ਉਹ ਭੜਕ ਗਏ ਅਤੇ ਉਨ੍ਹਾਂ ਸਿਵਲ ਹਸਪਤਾਲ ਦੀ ਐੱਸਐੱਮਓ ਸਣੇ ਦੂਜੇ ਸਟਾਫ਼ ਦੀ ਕਾਫੀ ਖਿਚਾਈ ਕੀਤੀ ਅਤੇ ਨਾਲ ਹੀ ਕੰਮ ਨਾ ਕਰਨ ਵਾਲੇ ਮੁਲਾਜ਼ਮਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਚਿਤਾਵਨੀ ਵੀ ਦਿੱਤੀ। ਉਨ੍ਹਾਂ ਹਸਪਤਾਲ ਦੇ ਪ੍ਰਸ਼ਾਸ਼ਨ ਨੂੰ ਸਖ਼ਤ ਹਦਾਇਤਾਂ ਕੀਤੀਆਂ ਕਿ ਜੇਕਰ ਤੁਰੰਤ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ।
ਸਿਹਤ ਮੰਤਰੀ ਨੇ ਹਸਪਤਾਲ ਵਿਚ ਅਲਟਰਾਸਾਊਂਡ ਮਸ਼ੀਨ ਸਣੇ ਹੋਰ ਕਮੀਆਂ ਜਿਵੇਂ ਕਿ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਘਾਟ ਨੂੰ ਜਲਦੀ ਤੋਂ ਜਲਦੀ ਦੂਰ ਕਰਨ ਦਾ ਭਰੋਸਾ ਵੀ ਦਿਵਾਇਆ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਹਸਪਤਾਲ ਰੈਫ਼ਰ ਹਸਪਤਾਲ ਬਣਿਆ ਹੋਇਆ ਸੀ ਪ੍ਰੰਤੂ ਹੁਣ ਇਸ ਵਿੱਚ ਸਾਰੀਆਂ ਸਹੂਲਤਾਂ ਮੁਹੱਈਆ ਕਰ ਕੇ ਇਸ ਨੂੰ ਇੱਕ ਮਾਡਲ ਹਸਪਤਾਲ ਬਣਾਇਆ ਜਾਵੇਗਾ, ਜਿੱਥੇ ਹਰ ਤਰ੍ਹਾਂ ਦਾ ਇਲਾਜ ਸੰਭਵ ਹੋਵੇਗਾ।
ਇਸ ਮੌਕੇ ਇਕ ਗੈਰ-ਰਸਮੀ ਗੱਲਬਾਤ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਸੂੁਬੇ ’ਚ 16 ਨਵੇਂ ਮੈਡੀਕਲ ਕਾਲਜ ਖੋਲ੍ਹਣ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ।
ਅਨਾਥ ਹੋਏ ਬੱਚੇ ਦੀ ਮਾਲੀ ਮਦਦ ਦਾ ਐਲਾਨ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਾਤੜਾਂ ਅਤੇ ਸ਼ੁਤਰਾਣਾ ਦੇ ਹਸਪਤਾਲਾਂ ਦਾ ਦੌਰਾ ਵੀ ਕੀਤਾ। ਉਨ੍ਹਾਂ ਹਸਪਤਾਲਾਂ ਵਿੱਚ ਲੋਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਸਟਾਫ ਨੂੰ ਹਦਾਇਤਾਂ ਜਾਰੀ ਕਰਨ ਦੇ ਨਾਲ ਹਾਜ਼ਰੀ ਰਜਿਸਟਰ ਵੀ ਚੈੱਕ ਕੀਤੇ। ਸਿਹਤ ਮੰਤਰੀ ਨੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਨਾਲ ਸਿਹਤ ਸੇਵਾਵਾਂ ਦਾ ਨਿਰੀਖਣ ਕੀਤਾ ਅਤੇ ਮਰੀਜ਼ਾਂ ਕੋਲੋਂ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਉਨ੍ਹਾਂ ਛੱਤ ਡਿੱਗਣ ਕਾਰਨ ਜ਼ਖ਼ਮੀ ਹੋਏ ਬੱਚੇ ਨੂੰ ਮਿਲ ਕੇ ਉਸ ਦੇ ਪਰਿਵਾਰ ਦੇ ਚਾਰ ਮੈਂਬਰਾਂ ਦੇ ਹੋਏ ਦੇਹਾਂਤ ’ਤੇ ਦੁੱਖ ਪ੍ਰਗਟਾ ਕੀਤਾ ਅਤੇ ਬੱਚੇ ਦੀ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ। ਉਨ੍ਹਾਂ ਬੱਚੇ ਦੀ ਅਗਲੇਰੀ ਪੜ੍ਹਾਈ ਦਾ ਖਰਚਾ ਉਠਾਉਣ ਤੋਂ ਇਲਾਵਾ ਉਸ ਨੂੰ ਰਾਸ਼ਨ ਮੁਹੱਈਆ ਕਰਵਾਉਣ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਹੋਈ ਮੌਤ ਲਈ ਪ੍ਰਤੀ ਜੀਅ ਚਾਰ ਲੱਖ ਰੁਪਏ ਦੇ ਹਿਸਾਬ ਨਾਲ ਬੱਚੇ ਨੂੰ 16 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।
10ਵੀਂ ਤੇ 12ਵੀਂ ਦੇ ਮੈਰਿਟ ’ਚ ਆਏ ਵਿਦਿਆਰਥੀਆਂ ਦਾ ਸਨਮਾਨ ਕੀਤਾ
ਪਟਿਆਲਾ (ਖੇਤਰੀ ਪ੍ਰਤੀਨਿਧ): ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇੱਥੇ ਕਿਹਾ ਕਿ ਭਾਵੇਂ ਕਈ ਹੋਰ ਮਦਾਂ ਵੀ ਲਾਜ਼ਮੀ ਹਨ, ਪਰ ਮਨੁੱਖੀ ਜ਼ਿੰਦਗੀ ’ਚ ਸਿਹਤ ਅਤੇ ਸਿੱਖਿਆ ਦਾ ਵਧੇਰੇ ਮਹੱਤਵ ਹੈ, ਇਸ ਕਰ ਕੇ ਸਿਹਤ ਤੇ ਸਿੱਖਿਆ ਸੁਧਾਰਾਂ ਨੂੰ ਤਰਜੀਹ ਦੇਣਾ ‘ਆਪ’ ਸਰਕਾਰ ਦਾ ਮੁੱਖ ਏਜੰਡਾ ਹੈ। ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ ਹੈ ਕਿ ਇਨ੍ਹਾਂ ਦੋਹਾਂ ਵਿਭਾਗਾਂ ਖਾਤਰ ‘ਆਪ’ ਸਰਕਾਰ ਵੱਲੋਂ ਬਜਟ ’ਚ ਵਧੇਰੇ ਵਾਧਾ ਕੀਤਾ ਗਿਆ ਹੈ। ਉਹ ਅੱਜ ਪਟਿਆਲਾ ਸ਼ਹਿਰ ਵਿਚਲੇ ‘ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ’ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਵਿੱਚੋਂ ਮੈਰਿਟ ’ਚ ਰਹੇ ਪਟਿਆਲਾ ਜ਼ਿਲ੍ਹੇ ਦੇ 25 ਵਿਦਿਆਰਥੀਆਂ ਦਾ ਸਨਮਾਨਿਤ ਕਰਨ ਲਈ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਿਸ਼ੇਸ਼ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਮੰਤਰੀ ਨੇ ਸਕੂਲ ਦੀ ਆਧੁਨਿਕ ਲਾਇਬ੍ਰੇਰੀ-ਕਮ-ਆਡੀਟੋਰੀਅਮ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਬੱਚਿਆਂ ਨੂੰ ਪੜ੍ਹ-ਲਿਖ ਕੇ ਸਮਾਜ ਨੂੰ ਸੇਧ ਦੇਣ ਦੇ ਕਾਰਜ ਕਰਨ ਲਈ ਪ੍ਰੇਰਤ ਕੀਤਾ। ਸਮਾਗਮ ਦੀ ਪ੍ਰਧਾਨਗੀ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਵੀਰ ਸਿੰਘ ਨੇ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਨੇਕ ਇਰਾਦੇ ਨਾਲ ਮਿਹਨਤ ਕਰਨ ਦਾ ਹੋਕਾ ਦਿੱਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਨੇ ਸਕੂਲਾਂ ਦੀ ਬਿਹਤਰੀਨ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ।