ਪੱਤਰ ਪ੍ਰੇਰਕ
ਰਾਜਪੁਰਾ, 22 ਅਪਰੈਲ
ਐੱਸਐੱਮਓ ਹਰਪਾਲਪੁਰ ਡਾ. ਰਵਿੰਦਰ ਸਿੰਘ ਰਿਸ਼ੀ ਦੀ ਅਗਵਾਈ ਤੇ ਐੱਸਐੱਮਓ ਘਨੌਰ ਡਾ. ਕਿਰਨਜੋਤ ਕੌਰ ਦੀ ਦੇਖ-ਰੇਖ ਵਿੱਚ ਬਲਾਕ ਹਰਪਾਲਪੁਰ ਵਿੱਚ ਸਿਹਤ ਮੇਲਾ ਲਾਇਆ ਗਿਆ। ਇਸ ਮੇਲੇ ਵਿੱਚ ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਬਤੌਰ ਮੁੱਖ ਮਹਿਮਾਨ ਪਹੁੰਚੇ। ਇਸ ਮੌਕੇ ਉਚੇਚੇ ਤੌਰ ’ਤੇ ਐੱਸਡੀਐੱਮ ਰਾਜਪੁਰਾ ਡਾ. ਸੰਜੀਵ ਕੁਮਾਰ ਹਾਜ਼ਰ ਹੋਏ। ਇਸ ਮੌਕੇ ਦੂਰ ਨੇੜਲੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਦਾ ਇਲਾਜ ਕਰਕੇ ਮੌਕੇ ਉੱਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਆਯੁਰਵੈਦਿਕ ਤੇ ਹੋਮਿਓਪੈਥੀ ਦੇ ਮਾਹਿਰ ਡਾਕਟਰਾਂ ਵੱਲੋਂ ਵੀ ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਵਿੱਚ 1055 ਮਰੀਜ਼ਾਂ ਦੀ ਜਾਂਚ ਕੀਤੀ ਗਈ। ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦੇ ਨਾਲ-ਨਾਲ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਆਦਿ ਦੇ ਨਾਲ ਮੌਸਮੀ ਬਿਮਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਲੋਕਾਂ ਦੀਆਂ ਸਿਹਤ ਆਈਡੀਆਂ ਵੀ ਜਨਰੇਟ ਕੀਤੀਆਂ ਗਈਆਂ ਤੇ ਲੋੜਵੰਦ ਲੋਕਾਂ ਦੇ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਬਣਾਏ ਗਏ। ਮੇਲੇ ਵਿੱਚ ਲੋਕਾਂ ਨੂੰ ਯੋਗ ਤੇ ਮੈਡੀਟੇਸ਼ਨ ਦੀ ਅਹਿਮੀਅਤ ਦੱਸਦਿਆਂ ਹੋਇਆਂ ਤਣਾਅ ਭਰੀ ਜਿ਼ੰਦਗੀ ਤੋਂ ਰਾਹਤ ਦੇਣ ਲਈ ਕਈ ਯੋਗ ਆਸਨਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ। ਮਾਹਿਰ ਕਾਊਂਸਲਰ ਵੱਲੋਂ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਗਿਆ ਤੇ ਨਸਿ਼ਆਂ ਤੋਂ ਛੁਟਕਾਰੇ ਲਈ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬਲਾਕ ਐਕਸਟੈਂਸਨ ਐਜੂਕੇਟਰ ਜੁਪਿੰਦਰ ਪਾਲ ਕੌਰ ਵੱਲੋਂ ਵੀ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ ਐੱਨਜੀਓ ਮੈਂਬਰਾਂ ਵੱਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ ਤੇ ਸਕੂਲੀ ਬੱਚੀਆਂ ਨੇ ਵੱਖਰੇ ਤੌਰ ਉੱਤੇ ਸਕਿੱਟ ਪੇਸ਼ ਕੀਤੀ। ਇਸ ਮੌਕੇ ਡਾ. ਨਿਪੁੰਨ ਗੁਪਤਾ, ਡਾ. ਆਸ਼ੂ ਗਰਗ, ਡਾ. ਦੀਕਸ਼ਾ ਪੁਰੀ, ਡਾ. ਅਮਿਤ ਕੁਮਾਰ, ਡਾ. ਦੀਪਕ ਵਰਮਾ, ਡਾ. ਅੰਤੂ ਬਾਲਾ, ਡਾ. ਅਨਮੋਲ ਤੇ ਸਿਹਤ ਵਿਭਾਗ ਦੇ ਹੋਰ ਮੈਂਬਰ ਹਾਜ਼ਰ ਸਨ।