ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਅਕਤੂਬਰ
ਖੁਰਾਕ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਚੌਥਾ ਦਰਜਾ ਕਰਮਚਾਰੀਆਂ (ਪੀਆਰ ਚੌਕੀਦਾਰਾਂ) ਤੇ ਆਊਟਸੋਰਸ ਸਕਿਉਰਿਟੀ ਗਾਰਡਾਂ ਵੱਲੋਂ ਪੰਜਾਬ ਦੇ ਵਿੱਤ ਤੇ ਖੁਰਾਕ ਸਪਲਾਈ ਵਿਭਾਗ ਦੀਆਂ ਧੱਕੇਸ਼ਾਹੀਆਂ ਤੋਂ ਪ੍ਰੇਸ਼ਾਨ ਹੋ ਕੇ 101 ਮੈਂਬਰੀ ਵਫ਼ਦ ਵੱਲੋਂ ਅੱਜ ਇਥੇ ਕਾਲ਼ੇ ਚੋਗੇ ਤੇ ਕਾਲ਼ੇ ਮਾਸਕ ਪਹਿਨ ਕੇ ਪ੍ਰਦਰਸ਼ਨ ਕਰਦਿਆਂ, ‘ਧੱਕੇਸ਼ਾਹੀ ਪੁਰਸਕਾ’ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਥੇ ਬੱਸ ਸਟੈਂਡ ਦੇ ਨੇੜੇ ਕੀਤੀ ਗਈ ਰੋਸ ਰੈਲੀ ਮਗਰੋਂ ਇਨ੍ਹਾਂ ਮੁਲਾਜ਼ਮਾਂ ਨੇ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਵੀ ਕੀਤਾ, ਪਰ ਪਹਿਲਾਂ ਤੋਂ ਹੀ ਤਾਇਨਾਤ ਪੁਲੀਸ ਮੁਲਾਜ਼ਮਾਂ ਦੇ ਇਸ ਕਾਫਲੇ ਨੂੰ ਮਹਿਲ ਤੋਂ ਪਹਿਲਾਂ ਹੀ ਫੁਹਾਰਾ ਚੌਕ ’ਤੇ ਹੀ ਲਿਆ।
ਦੀ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ (ਖੁਰਾਕ ਤੇ ਸਪਲਾਈਜ਼ ਵਿਭਾਗ ਸਟੇਟ ਸਬ ਕਮੇਟੀ ਪੰਜਾਬ) ਦੇ ਆਗੂ ਤੇ ਅਹੁਦੇਦਾਰ ਇਥੇ ਬੱਸ ਸਟੈਂਡ ਦੇ ਨਜ਼ਦੀਕ ਇਕੱਤਰ ਹੋਏ। ਜਿਸ ਦੌਰਾਨ ਕੀਤੀ ਗਈ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇੇ। ਜਿਸ ਕਾਰਨ ਮੁਲਾਜ਼ਮ ਵਰਗ ਵਿਚ ਭਾਰੀ ਰੋਹ ਹੈ। ਬਲਕਿ ਸਰਕਾਰ ਤਾਂ ਮੁਲਾਜ਼ਮਾਂ ਤੋਂ ਉਨ੍ਹਾਂ ਕੋਲ਼ ਪਹਿਲਾਂ ਤੋਂ ਮੌਜੂਦ ਹੱਕ ਵੀ ਖੋਹਣ ’ਤੇ ਤੁਲੀ ਹੋਈ ਹੈ। ਰਾਣਵਾਂ ਨੇ ਕਿਹਾ ਕਿ ਉੱਚ ਅਦਾਲਤ ਦੇ ਹੁਕਮਾਂ ਦੇ ਸਨਮੁੱਖ ਰੈਗੂਲਰ ਕੀਤੇ ਪੀ.ਆਰ.ਚੌਕੀਦਾਰਾਂ ਨੂੰ ਜੀ.ਪੀ.ਐਫ.ਨੰਬਰ ਜਾਰੀ ਨਹੀਂ ਕੀਤੇ ਜਾ ਰਹੇ,ਉਲਟਾ ਅਸਾਮੀਆਂ ਦੀ ਅਣਹੋਂਦ ਬਹਾਨੇ ਦੂਰ ਦੁਰਾਡੇ ਬਦਲ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਵੱਲੋਂ ਪਾਸ ਕੀਤਾ ‘ਮੁਲਾਜ਼ਮ ਵੈਲਫੇਅਰ ਐਕਟ -2016’ ਰੱਦੀ ਦੀ ਟੋਕਰੀ ’ਚ ਸੁੱੱਟ ਦਿੱਤਾ ਹੈ । ਮਾਰਚ 2019 ਤੋਂ ਸੇਵਾ ਮੁਕਤ ਪੀ.ਆਰ.ਚੌਕੀਦਾਰਾਂ ‘ਆਰਜ਼ੀ’ ਨੂੰ ਪੈਨਸ਼ਨਰੀ ਲਾਭ ਬੰਦ ਕਰਕੇ ਸੁਪਰੀਮ ਕੋਰਟ ਦਾ ਫੈਸਲਾ ਅੱਖੋਂ ਪਰੋਖੇ ਕਰ ਦਿੱਤਾ ਹੈ। ਸਵ:ਕਰਮਚਾਰੀਆਂ ਦੇ ਵਾਰਸ ਤਰਸ ਦੇ ਅਧਾਰਤ ’ਤੇ ਨੌਕਰੀ ਲਈ ਤਰਸ ਰਹੇ ਹਨ। ਰਹਿੰਦੀ ਕਸਰ ਮੈਨੇਜਿੰਗ ਡਾਇਰੈਕਟਰ ਪਨਗ੍ਰੇਨ ਵੱਲੋਂ ਕਣਕ ਭੰਡਾਰਾਂ ਲਈ ਸਕਿਓਰਟੀ ਨਾਰਮਜ਼ ਵਿੱਚ ਕਟੌਤੀ ਕਰਕੇ ਕੱਢ ਦਿੱਤੀ ਹੈ। ਇਸੇ ਤਰਾਂ ਹੀ ਉਨ੍ਹਾਂ ਨੇ ਕਈ ਹੋਰ ਮੰਗਾਂ ਅਤੇ ਮਸਲਿਆਂ ਬਾਰੇ ਚਰਚਾ ਕੀਤੀ ਗਈ।
ਇਸ ਮੌਕੇ ਮਨਜੀਤ ਸਿੰਘ ਪੰਜੂ, ਹਰਭਗਵਾਨ ਸ੍ਰੀ ਮੁਕਤਸਰ ਸਾਹਿਬ, ਉੱਤਮ ਸਿੰਘ ਬਾਗੜੀ, ਜਗਮੋਹਣ ਨੌਂਲੱਖਾ, ਪ੍ਰਵੀਨ ਕੁਮਾਰ ਫਿਰੋਜ਼ਪੁਰ ਆਦਿ ਹਾਜ਼ਰ ਸਨ।