ਖੇਤਰੀ ਪ੍ਰਤੀਨਿਧ
ਪਟਿਆਲਾ, 1 ਜੁਲਾਈ
ਹਫਤਾ ਪਹਿਲਾਂ ਹੀ ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ ਬਰਾਮਦ ਕੀਤੇ ਗਏ ਮੋਬਾਈਲ ਫੋਨਾਂ ਵਿੱਚ ਵਰਤੇ ਜਾਣ ਵਾਲੇ 33 ਸਿਮ ਅੰਮ੍ਰਿਤਸਰ ਤੋਂ ਫਰਜ਼ੀ ਦਸਤਾਵੇਜ਼ਾਂ ’ਤੇ ਖਰੀਦੇ ਗਏ ਸਨ। ਇਸ ਸਬੰਧੀ ਪੁਲੀਸ ਨੇ ਸਿਮ ਕਾਰਡ ਜੇਲ੍ਹ ’ਚ ਮੰਗਵਾਉਣ ਵਾਲੇ ਹਰਮਨਜੀਤ ਸਿੰਘ ਹਰਮਨ ਸਮੇਤ ਦੋ ਹੋਰ ਕੈਦੀਆਂ ਸਮੇਤ ਕੁੱਲ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਤ੍ਰਿਪੜੀ ਦੇ ਐੱਸਐੱਚਓ ਕਨਬੀਰ ਸਿੰਘ ਸੰਧੂ ਨੇ ਡੀਐੈੱਸਪੀ ਸਿਟੀ 2 ਮੋਹਿਤ ਅਗਰਵਾਲ ਅਤੇ ਹੋਰਾਂ ਦੀ ਅਗਵਾਈ ਹੇਠ ਜਾਂਚ ਕੀਤੀ। ਬੈਰਕ ਵਿਚਲੇ ਪੁਸ਼ਪਿੰਦਰ ਨੋਨੀ ਅਤੇ ਰਮੇਸ਼ ਕਾਕਾ ਵਾਸੀ ਜਲੰਧਰ ਨੂੰ ਪ੍ਰੋਡਕਸ਼ਨ ਵਰੰਟਾਂ ’ਤੇ ਲਿਆ ਕੇ ਪੁੱਛਗਿੱਛ ਕੀਤੀ। ਜਿਨ੍ਹਾਂ ਦੱਸਿਆ ਕਿ ਇਹ ਸਿਮ ਕਾਰਡ ਇੱਕ ਹੋਰ ਬੰਦੀ ਹਰਮਨਜੀਤ ਸਿੰਘ ਹਰਮਨ ਵਾਸੀ ਪਿੰਡ ਜ਼ੋਰਾ ਜ਼ਿਲ੍ਹਾ ਤਰਨ ਤਾਰਨ ਨੇ ਮੰਗਵਾਏ ਸਨ। ਉਸ ਨੂੰ ਵੀ ਪ੍ਰੋਡਕਸ਼ਨਾ ਵਾਰੰਟਾਂ ’ਤੇ ਲਿਆ ਕੇ ਪੁੱੱਛਗਿੱਛ ਕੀਤੀ,ਤਾਂ ਉਸ ਨੇ ਮੰਨਿਆ ਕਿ ਇਹ ਸਿਮ ਜੇਲ੍ਹ ਦੀ ਕੰਧ ਦੇ ਉਪਰੋਂ ਦੀ ਅੰਦਰ ਸੁਟਵਾਏ ਗਏ ਸਨ। ਡੀਐੱਸਪੀ ਮੋਹਿਤ ਅਗਰਵਾਲ ਦਾ ਕਹਿਣਾ ਸੀ ਕਿ ਇਹ ਸਿਮ ਰਵੀ ਸੈਲਾਨੀਆ ਵਾਸੀ ਅੰਮ੍ਰਿਤਸਰ ਨੇ ਜ਼ਾਅਲੀ ਦਸਤਾਵੇਜ਼ਾਂ ’ਤੇ ਜਾਰੀ ਕਰਵਾ ਕੇ ਹਰਿੰਦਰਪਾਲ ਸਿੰਘ ਅੰਮ੍ਰਿਤਸਰ ਨੂੰ ਵੇਚ ਦਿੱਤੇ ਸਨ। ਉਸ ਨੇ ਅੱਗੇ ਇਹ ਸਿਮ ਪਟਿਆਲਾ ਜੇਲ੍ਹ ’ਚ ਬੰਦ ਹਰਮਨਜੀਤ ਹਰਮਨ ਕੋਲ ਪਹੁੰਚਦੇ ਕੀਤੇ। ਜੇਲ੍ਹ ਸੁਪਰਡੈਂਟ ਮਨਜੀਤ ਟਿਵਾਣਾ ਦਾ ਕਹਿਣਾ ਹੈ ਕਿ ਅਸਲ ’ਚ ਸਿਮ ਕਾਰਡ ਮੰਗਵਾਏ ਹੋਣ ਕਰਕੇ ਹੀ ਹਰਮਨ ਨੇ ਜੇਲ੍ਹ ਅਧਿਕਾਰੀਆਂ ’ਤੇ ਉਸ ਦੀ ਕੁੱਟਮਾਰ ਦੇ ਦੋਸ਼ ਲਾਏ ਸਨ ਤਾਂ ਜੋ ਜੇਲ੍ਹ ਪ੍ਰਸ਼ਾਸਨ ’ਤੇ ਦਬਾਅ ਪਾਇਆ ਜਾ ਸਕੇ।