ਗੁਰਨਾਮ ਸਿੰਘ ਚੌਹਾਨ
ਪਾਤੜਾਂ, 24 ਨਵੰਬਰ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਲੜੇ ਜਾ ਰਹੇ ਤਿੱਖੇ ਸੰਘਰਸ਼ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਨੇ 26,27 ਨੂੰ ਦਿੱਲੀ ਜਾਣ ਦਾ ਫੈਸਲਾ ਤਹਿਤ ਟਰਾਲੀਆਂ ’ਚ ਰਾਸ਼ਨ ਲੱਦ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਦੂਸਰੇ ਪਾਸੇ ਕੇਂਦਰ ਦੇ ਇਸ਼ਾਰਿਆਂ ਤੇ ਪੰਜਾਬ ਹਰਿਆਣਾ ਸਰਹੱਦ ਉਤੇ ਹਰਿਆਣਾ ਦੇ ਪਿੰਡ ਦਾਤਾ ਸਿੰਘ ਵਾਲੇ ਕੋਲ ਹਰਿਆਣਾ ਪੁਲੀਸ ਨੇ ਕਿਸਾਨਾਂ ਜਥੇਬੰਦੀਆਂ ਰੋਕਣ ਲਈ ਬੈਰੀਕੇਡਾਂ ਦੇ ਪ੍ਰਬੰਧ ਕਰ ਲਏ ਹਨ। ਦਿੱਲੀ ਵੱਲ ਨੂੰ ਜਾ ਰਹੀਆਂ ਚਾਰ ਦਰਜਨ ਦੇ ਕਰੀਬ ਟਰੈਕਟਰ-ਟਰਾਲੀਆਂ ਨੂੰ ਸਰਹੱਦ ਉੱਤੇ ਰੋਕ ਕੇ ਹਰਿਆਣਾ ਸਰਕਾਰ ਨੇ ਆਪਣੇ ਮਨਸੂਬੇ ਸਪਸ਼ਟ ਕਰ ਦਿੱਤੇ। ਟਰੈਕਟਰਾਂ-ਟਰਾਲੀਆਂ ਵਿੱਚ ਸਵਾਰ ਕਿਸਾਨਾਂ ਨੇ ਕੇਂਦਰ ਤੇ ਹਰਿਆਣਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੰਜਾਬ ਦੇ ਵੱਖ ਵੱਖ ਖੇਤਰਾਂ ’ਚ ਕਾਲੇ ਕਾਨੂੰਨਾਂ ਖ਼ਿਲਾਫ਼ ਸ਼ੰਘਰਸ਼ ਲੜ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਜਥੇਬੰਦੀਆਂ ਦੇ ਵਰਕਰ ਟਰੈਕਟਰ ਟਰਾਲੀਆਂ ਉੱਤੇ ਖਾਣ ਪੀਣ ਦਾ ਸਾਮਾਨ ਲੱਦ ਕੇ ਜਦੋਂ ਦਿੱਲੀ ਜਾਣ ਲਈ ਜਦੋਂ ਉਹ ਸੰਗਰੂਰ ਜ਼ਿਲ੍ਹੇ ਦੇ ਕਸਬਾ ਖਨੌਰੀ ਨੂੰ ਲੰਘ ਕੇ ਜਿਉਂ ਹੀ ਹਰਿਆਣੇ ਦੇ ਪਿੰਡ ਦਾਤਾ ਸਿੰਘ ਵਾਲਾ ਪਹੁੰਚੇ ਤਾਂ ਪਹਿਲਾਂ ਤੋਂ ਹੀ ਬੈਰੀਕੇਟ ਲਾ ਕੇ ਬੈਠੀ ਹਰਿਆਣਾ ਪੁਲੀਸ ਨੇ ਟਰੈਕਟਰ-ਟਰਾਲੀਆਂ ਨੂੰ ਰੋਕ ਲਿਆ। ਰੋਹ ਵਿੱਚ ਆਏ ਕਿਸਾਨਾਂ ਨੇ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੰਦੇਸ਼ ਦੇ ਮੁਤਾਬਕ ਟਰੈਕਟਰ ਬੰਦ ਕਰਕੇ ਕੇਂਦਰ ਤੇ ਹਰਿਆਣਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਇਕੱਠੀ ਹੋਈ ਹਰਿਆਣਾ ਪੁਲੀਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਹੋਰ ਪ੍ਰਬੰਧ ਮਜ਼ਬੂਤ ਕਰਨੇ ਸ਼ੁਰੂ ਕਰ ਦਿੱਤੇ ਹਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਜਸਵੰਤ ਸਿੰਘ ਤੋਲਾਵਾਲ, ਦਰਸ਼ਨ ਸਿੰਘ ਚੰਗਾਲੀਵਾਲਾ, ਪਾਲ ਸਿੰਘ ਦੇਹਲਾਂ ਆਦਿ ਨੇ ਕਿਹਾ ਹੈ ਕਿ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਜਾਣ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਹਰ ਅੜਿੱਚਣ ਨੂੰ ਅਸਫਲ ਬਣਾ ਕੇ ਡੇਢ ਲੱਖ ਤੋਂ ਵੱਧ ਕਿਸਾਨ ਵੱਖ ਵੱਖ ਬਾਰਡਰਾਂ ਰਹੀ ਦਿੱਲੀ ਪਹੁੰਚਣ ਵਿੱਚ ਸਫਲ ਹੋਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਤੇ ਹਰਿਆਣਾ ਪੁਲੀਸ ਤੋਂ ਪੰਜਾਬ ਦੇ ਕਿਸਾਨ ਕਿਸੇ ਵੀ ਕੀਮਤ ਨਹੀਂ ਡਰਨਗੇ ਸਗੋਂ ਡਟ ਕੇ ਮੁਕਾਬਲਾ ਕਰਦੇ ਹੋਏ ਅੱਗੇ ਵਧਕੇ ਇਕ ਨਵਾਂ ਇਤਿਹਾਸ ਸਿਰਜਣਗੇ। ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨ ਮਾਰੂ ਨੀਤੀਆਂ ਲਾਗੂ ਕਰਕੇ ਪਿੰਡਾਂ ਦੀਆਂ ਬਹੁਮੁੱਲੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਡਾ ਮਨਸੂਬੇ ਬਣਾਈ ਬੈਠੀ ਹੈ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਹਰਿਆਣਾ ਦੇ ਪਿੰਡ ਦਾਤਾ ਸਿੰਘ ਵਾਲੇ ਕੋਲ ਤਾਇਨਾਤ ਹਰਿਆਣਾ ਪੁਲੀਸ ਦੇ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਨੂੰ ਰੋਕਣ ਵਿੱਚ ਸਰਗਰਮ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਉਨ੍ਹਾਂ ਕਿਹਾ ਹੈ ਕਿ ਉਹ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਫਿਲਹਾਲ ਆਪਣੀ ਡਿਊਟੀ ਨਿਭਾ ਰਹੇ ਹਨ।