ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਨੇ ਵਿਛਾਏ ਕੰਡੇ

ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਨੇ ਵਿਛਾਏ ਕੰਡੇ

ਪੰਜਾਬ-ਹਰਿਆਣਾ ਬਾਰਡਰ ਉੱਤੇ ਕੰਡਿਆਲੀ ਤਾਰ ਲਾਉਂਦੇ ਹੋਏ ਹਰਿਆਣਾ ਪੁਲੀਸ ਦੇ ਮੁਲਾਜ਼ਮ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 25 ਨਵੰਬਰ

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਚਲਾਇਆ ਜਾ ਰਿਹਾ ਸੰਘਰਸ਼ ਹੋਰ ਤੇਜ਼ ਹੋ ਗਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਚਲੋ ਦੇ ਦਿੱਤੇ ਸੱਦੇ ਨੂੰ ਨਾਕਾਮਯਾਬ ਕਰਨ ਲਈ ਹਰਿਆਣਾ ਸਰਕਾਰ ਨੇ ਕੇਂਦਰ ਦੇ ਇਸ਼ਾਰੇ ਉੱਤੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਦਿੱਲੀ ਜਾਣ ਲਈ ਕਿਸਾਨਾਂ ਦੇ ਲਾਮ ਲਸ਼ਕਰ ਪੰਜਾਬ-ਹਰਿਆਣਾ ਸਰਹੱਦ ਵੱਲ ਵਧਣੇ ਸ਼ੁਰੂ ਹੋ ਗਏ ਹਨ ਜਦੋਂਕਿ ਦੂਜੇ ਪਾਸੇ ਹਰਿਆਣਾ ਸਰਕਾਰ ਨੇ ਦਿੱਲੀ ਸੰਗਰੂਰ ਕੌਮੀ ਮਾਰਗ ਉੱਤੇ ਪੈਂਦੇ ਪਿੰਡ ਢਾਬੀ ਗੁੱਜਰਾਂ ਕੋਲ ਪੰਜਾਬ-ਹਰਿਆਣਾ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।

ਕਿਸਾਨ ਅੰਦੋਲਨ ਨੂੰ ਅਸਫਲ ਕਰਨ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੌਰਾਨ ਜਿੱਥੇ ਵੱਡੀ ਪੱਧਰ ’ਤੇ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਹੈ ਉਥੇ ਸਿਵਲ ਤੇ ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਸਥਿਤੀ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਹਰਿਆਣਾ ’ਚ ਐਂਟਰੀ ਰੋਕਣ ਲਈ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਹਰਿਆਣਾ ਦੇ ਪਹਿਲੇ ਪਿੰਡ ਦਾਤਾ ਸਿੰਘ ਵਾਲਾ ਕੋਲ ਕੌਮੀ ਮੁੱਖ ਮਾਰਗ ’ਤੇ ਵੱਡੀ ਪੱਧਰ ’ਤੇ ਪੱਥਰ ਸੁੱਟ ਦਿੱਤੇ ਜਾਣ ਦੇ ਨਾਲ ਨਾਲ ਬੈਰੀਕੇਡ ਤੇ ਕੰਡਿਆਲੀ ਤਾਰ ਲਗਾਈ ਜਾ ਰਹੀ ਹੈ। ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਨੂੰ ਲੈ ਕੇ ਦਿੱਲੀ ਜਾਣ ਲਈ ਅੱਗੇ ਵਧ ਰਹੇ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਨਾਲ ਹੀ ਹਰਿਆਣਾ ਸਰਕਾਰ ਵੱਲੋਂ ਕੌਮੀ ਮੁੱਖ ਮਾਰਗ ਦੇ ਨਾਲ ਲੱਗਦੇ ਪੇਂਡੂ ਰਸਤਿਆਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲੀਸ ਵੱਲੋਂ ਪੂਰੀ ਸਖ਼ਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ।

ਦੂਜੇ ਪਾਸੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੇ ਹਰਿਆਣਾ ਸਰਕਾਰ ਵੱਲੋਂ ਅਪਣਾਏ ਜਾ ਰਹੇ ਵਤੀਰੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਕ ਦੇਸ਼ ’ਚ ਰਾਜ ਸਰਕਾਰ ਵੱਲੋਂ ਅਜਿਹੇ ਗਲਤ ਹੱਥਕੰਡੇ ਵਰਤਣ ਨੇ ਸਰਹੱਦ ਨੂੰ ਪਾਕਿਸਤਾਨ ਵਾਲੀ ਬਣਾ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹਾ ਅੜੀਅਲ ਵਤੀਰਾ ਅਪਣਾਉਣ ਦੀ ਬਜਾਏ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਬਾਰਡਰ ਉੱਤੇ ਕੀਤੀ ਗਈ ਇਸ ਸਖਤਾਈ ਨਾਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ।

ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਦੀ ਹਰ ਹਰਕਤ ’ਤੇ ਡਰੋਨਾਂ ਰਾਹੀਂ ਨਜ਼ਰ

ਦਿੱਲੀ ਜਾ ਰਹੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਜਿੱਥੇ ਪੰਜਾਬ ਹਰਿਆਣਾ ਦਾਤਾ ਸਿੰਘਵਾਲਾ ਬਾਰਡਰ ਨੂੰ ਸੀਲ ਕਰਨ ਦੇ ਨਾਲ ਨਾਲ ਹਰਿਆਣਾ ਦੇ ਜ਼ਿਲ੍ਹਾ ਜੀਂਦ ਵਿੱਚ ਡਿਪਟੀ ਕਮਿਸ਼ਨਰ ਨੇ ਧਾਰਾ 144 ਲਗਾ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਲਗਾਈ ਗਈ ਇਸ ਪਾਬੰਦੀ ਸਬੰਧੀ ਹਰਿਆਣਾ ਵੱਲੋਂ ਬਾਰਡਰ ਉੱਤੇ ਸਪੀਕਰਾਂ ਰਾਹੀਂ ਵਾਰ ਵਾਰ ਅਨਾਊਂਸਮੈਂਟ ਕੀਤੀ ਜਾ ਰਹੀ ਹੈ। ਹਰਿਆਣਾ ਵੱਲੋਂ ਪੰਜਾਬ ਦੀ ਸਰਹੱਦ ਵਿੱਚ ਡਰੋਨ ਦੇ ਜ਼ਰੀਏ ਵੀ ਸਥਿਤੀ ਨੂੰ ਵਾਚਿਆ ਜਾ ਰਿਹਾ ਹੈ। ਹਰਿਆਣਾ ਪੁਲੀਸ ਵੱਲੋਂ ਡਰੋਨ ਨਾਲ ਕੀਤੀ ਜਾ ਰਹੀ ਰਿਕਾਰਡਿੰਗ ਉੱਤੇ ਕਿਸਾਨਾਂ ਨੇ ਸਖਤ ਰੋਸ ਜਤਾਇਆ ਹੈ। ਕਿਸਾਨਾਂ ਨੇ ਕਿਹਾ ਹੈ ਕਿ ਹਰਿਆਣਾ ਪੁਲੀਸ ਵੱਲੋਂ ਅਜਿਹਾ ਕਰਨਾ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਹੈ।

ਕਿਸਾਨਾਂ ਵੱਲੋਂ ਪੱਕੇ ਮੋਰਚੇ ਦੀਆਂ ਤਿਆਰੀਆਂ

ਦਿੱਲੀ ਜਾਣ ਲਈ ਖਨੌਰੀ ਬਾਰਡਰ ਉੱਤੇ ਪਹੁੰਚੇ ਕਿਸਾਨ ਭਾਵੇਂ ਦਿੱਲੀ ਜਾਣ ਲਈ ਬਜ਼ਿੱਦ ਹਨ ਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਹਿਲਾਂ ਤੋਂ ਕੀਤੇ ਐਲਾਨ ਮੁਤਾਬਕ ਜੇ ਹਰਿਆਣਾ ਜਾਂ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਜਿੱਥੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੱਕੇ ਮੋਰਚੇ ਲਗਾ ਦੇਣਗੇ ਉੱਤੇ ਅਮਲ ਕਰਦਿਆਂ ਕਿਸਾਨਾਂ ਵੱਲੋਂ ਪੱਕੇ ਮੋਰਚੇ ਲਗਾਏ ਜਾਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਦੇ ਆਦੇਸ਼ਾਂ ਉਤੇ ਵਰਕਰਾਂ ਵੱਲੋਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਜਿੱਥੇ ਇੱਕ ਵੱਡ ਅਕਾਰੀ ਸਟੇਜ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ ਉਥੇ ਵੱਡੇ ਪੱਧਰ ਉੱਤੇ ਲਾਊਡ ਸਪੀਕਰ ਵੀ ਪਹੁੰਚ ਗਏ ਹਨ ਜਿਨ੍ਹਾਂ ਨੂੰ ਫਿੱਟ ਕਰਨ ਉੱਤੇ ਵੀ ਵੱਡੇ ਪੱਧਰ ਉੱਤੇ ਕਿਸਾਨ ਲੱਗੇ ਹੋਏ ਹਨ। ਸੂਤਰਾਂ ਅਨੁਸਾਰ ਖਨੌਰੀ ਸਰਹੱਦ ਰਾਹੀਂ ਦਿੱਲੀ ਜਾਣ ਵਾਲੇ ਕਿਸਾਨਾਂ ਦੀਆਂ ਟਰਾਲੀਆਂ ਦੀ ਗਿਣਤੀ 2400 ਅਤੇ ਬੱਸਾਂ ਦੀ ਗਿਣਤੀ 900 ਆਂਕੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All