ਖੇਤਰੀ ਪ੍ਰਤੀਨਿਧ
ਪਟਿਆਲਾ, 20 ਜਨਵਰੀ
ਹਲਕਾ ਸਨੌਰ ਤੋਂ ਕਾਂਗਰਸ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਅੱਜ ਪਾਰਟੀ ਵਰਕਰਾਂ ਨਾਲ ਵਿਧਾਨ ਸਭਾ ਚੋਣਾਂ ਸਬੰਧੀ ਰਣਨੀਤੀ ਤਿਆਰ ਕਰਨ ਲਈ ਅੱਜ ਇਥੇ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਕਾਂਗਰਸ ਸਰਕਾਰ ਤੋਂ ਕਰਵਾਏ ਗਏ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦਾਅਵਾ ਕੀਤਾ ਕਿ ਸਨੌਰ ਹਲਕੇ ਦੇ ਵਿਕਾਸ ਲਈ ਜਿੰਨੇ ਫੰਡ ਉਨ੍ਹਾਂ ਨੇ ਖਰਚ ਕਰਵਾਏ ਹਨ, ਉਨਾ ਪੈਸਾ ਹੁਣ ਤੱਕ ਕਿਸੇ ਨੇ ਵੀ ਇਸ ਹਲਕੇ ਵਾਸਤੇ ਨਹੀਂ ਖਰਚਿਆ। ਹੈਰੀਮਾਨ ਦਾ ਤਰਕ ਸੀ ਕਿ ਉਸ ਵੱਲੋਂ ਹਲਕੇ ਦੇ ਕਰਵਾਏ ਗਏ ਵਿਕਾਸ ਅਤੇ ਲੋਕ ਸੇਵਾ ਦੇ ਤਹਿਤ ਹੀ ਉਹ ਮਾਣ ਨਾਲ਼ ਆਖ ਸਕਦੇ ਹਨ ਕਿ ਜਿਵੇਂ ਲੋਕਾਂ ਨੇ ਲੋਕ ਸਭਾ ਦੌਰਾਨ ਸਨੌਰ ਹਲਕੇ ਤੋਂ ਕਾਂਗਰਸ ਪਾਰਟੀ ਨੂੰ 42 ਹਜ਼ਾਰ ਦੀ ਲੀਡ ਦਿਵਾ ਕੇ ਰਿਕਾਰਡ ਸਥਾਪਤ ਕੀਤਾ ਸੀ, ਉਸੇ ਤਰ੍ਹਾਂ ਐਤਕੀ ਹਲਕੇ ਦੇ ਲੋਕ ਉਨ੍ਹਾਂ ਨੂੰ ਇਸ ਤੋਂ ਵੀ ਵੱਡੀ ਲੀਡ ਨਾਲ਼ ਜਿਤਾਉਣਗੇ। ਇਸ ਮੌਕੇ ਕਾਂਗਰਸ ਦੇ ਸੂਬਾਈ ਸਕੱਤਰ ਜੋਗਿੰਦਰ ਕਾਕੜਾ, ਪੰਚਾਇਤ ਸਮਿਤੀ ਸਨੌਰ ਦੇ ਚੇਅਰਮੈਨ ਅਸ਼ਵਨੀ ਬੱਤਾ ਅਤੇ ਬਲਿਹਾਰ ਸਿੰਘ ਸ਼ਮਸ਼ਪੁਰ ਆਦਿ ਦਾ ਕਹਿਣਾ ਹੈ ਕਿ ਉਹ ਕੁਝ ਅਜਿਹੇ ਹੀ ਸੁਭਾਅ ਵਾਲੇ ਹਨ। ਇਸੇ ਮੌਕੇ ਮੀਟਿੰਗ ’ਚ ਜੋਗਿੰਦਰ ਸਿੰਘ ਕਾਕੜਾ, ਸੰਮੀ ਸਰਪੰਚ, ਅਸ਼ਵਨੀ ਬੱਤਾ, ਬਲਿਹਾਰ ਸ਼ਮਸ਼ਪੁਰ ਆਦਿ ਮੌਜੂਦ ਸਨ।