ਪੱਤਰ ਪ੍ਰੇਰਕ
ਦੇਵੀਗੜ੍ਹ, 9 ਅਗਸਤ
ਬਲਾਕ ਸੰਮਤੀ ਦਫ਼ਤਰ ਭੁਨਰਹੇੜੀ ਵਿਚ ਇੱਕ ਸਮਾਰੋਹ ਦੌਰਾਨ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ 30 ਲੋੜਵੰਦਾਂ ਨੂੰ 30 ਰਿਕਸ਼ਾ ਰੇਹੜੀਆਂ ਵੰਡੀਆਂ। ਇਸ ਮੌਕੇ ਉਨ੍ਹਾਂ ਨਾਲ ਬੀਡੀਪੀਓ ਸੁਖਵਿੰਦਰ ਸਿੰਘ ਟਿਵਾਣਾ, ਬਲਾਕ ਸੰਮਤੀ ਦੀ ਚੇਅਰਪਰਸਨ ਅੰਮ੍ਰਿਤਪਾਲ ਕੌਰ, ਉਪ ਚੇਅਰਮੈਨ ਡਾ. ਗੁਰਮੀਤ ਸਿੰਘ, ਜੋਗਿੰਦਰ ਸਿੰਘ ਕਾਕੜਾ, ਮਾਰਕੀਟ ਕਮੇਟੀ ਦੁਧਨਸਾਧਾਂ ਦੇ ਚੇਅਰਮੈਨ ਜੀਤ ਸਿੰਘ ਮੀਰਾਂਪੁਰ ਆਦਿ ਵੀ ਹਾਜ਼ਰ ਸਨ।
ਇਸ ਮੌਕੇ ਹੈਰੀਮਾਨ ਨੇ ਹਲਕੇ ਦੇ ਵਿਕਾਸ ਨੂੰ ਹੋਰ ਅੱਗੇ ਤੋਰਦਿਆਂ 60 ਪਿੰਡਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 1.91 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ। ਉਨ੍ਹਾਂ ਪੰਚਾਇਤਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਅਗਲੇ ਸਮੇਂ ਦੌਰਾਨ ਬਲਾਕ ਦੇ ਸਾਰੇ ਪਿੰਡਾਂ ਲੱਖਾਂ ਰੁਪਏ ਦੀਆਂ ਹੋਰ ਗ੍ਰਾਂਟਾਂ ਦੇ ਚੈੱਕ ਵੀ ਦਿੱਤੇ ਜਾਣਗੇ। ਦੁਧਨਸਾਧਾਂ ਤਹਿਸੀਲ ਦੀ ਇਮਾਰਤ ਦੀ ਗੱਲ ਕਰਦਿਆਂ ਉਨ੍ਹਾਂ ਕਿ ਇਸ ਲਈ 10 ਕਰੋੜ ਰੁਪਏ ਜਲਦ ਦਿੱਤੇ ਜਾਣਗੇ ਅਤੇ ਇਮਾਰਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਦੀ ਮਦਦ ਦਾ ਵੀ ਵਿਸ਼ਵਾਸ਼ ਦਿਵਾਇਆ।