ਖੇਤਰੀ ਪ੍ਰਤੀਨਿਧ
ਪਟਿਆਲਾ, 2 ਸਤੰਬਰ
ਮੁੱਕੇਬਾਜ਼ੀ ਖੇਡ ਵਿੱਚ ਪਟਿਆਲਾ ਦੀ 18 ਵਰ੍ਹਿਆਂ ਦੀ ਖੁਸ਼ੀ ਨਵੀਆਂ ਪੈੜਾਂ ਪਾ ਰਹੀ ਹੈ। ਹਾਲ ਹੀ ਵਿੱਚ ਦੁਬਈ ਵਿੱਚ ਹੋਈ ਯੂਥ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਖੁਸ਼ੀ ਨੇ ਦੱਸ ਦਿੱਤਾ ਹੈ ਕਿ ਭਵਿੱਖ ’ਚ ਉਹ ਭਾਰਤੀ ਮੁੱਕੇਬਾਜ਼ੀ ਦਾ ਮੁੱਖ ਚਿਹਰਾ ਬਣੇਗੀ। ਪਿਤਾ ਜਗਸੀਰ ਸਿੰਘ ਤੇ ਮਾਤਾ ਕੁਲਦੀਪ ਕੌਰ ਦੇ ਘਰ ਜਨਮੀ ਖੁਸ਼ੀ ਨੇ ਆਪਣਾ ਪਹਿਲਾ ਵੱਡਾ ਤਗ਼ਮਾ 2017 ਵਿੱਚ ਖੇਲ੍ਹੋ ਇੰਡੀਆ ਗੇਮਜ਼ ਦੇ ਅੰਡਰ 14 ਵਰਗ ਵਿੱਚ ਜਿੱਤਿਆ ਸੀ। ਸਾਲ 2021 ਵਿੱਚ ਹਰਿਆਣਾ ਵਿੱਚ ਹੋਈ ਯੂਥ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਇਸ ਸਾਲ ਪੋਲੈਂਡ ਵਿੱਚ ਯੂਥ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਉਸ ਨੇ ਹਿੱਸਾ ਲਿਆ। ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਇਸ ਮਾਣਮੱਤੀ ਮੁੱਕੇਬਾਜ਼ ਦੀ ਸੁਨਹਿਰੀ ਪ੍ਰਾਪਤੀ ‘ਤੇ ਟਵੀਟ ਕਰਕੇ ਵਧਾਈ ਦਿੱਤੀ ਹੈ।