ਖੇਤਰੀ ਪ੍ਰਤੀਨਿਧ
ਪਟਿਆਲਾ, 18 ਜੁਲਾਈ
ਕਬੂਤਰਬਾਜ਼ੀ ਦੇ ਦੋਸ਼ਾਂ ਹੇਠ ਦੋ ਸਾਲਾਂ ਦੀ ਕੈਦ ਦੀ ਸਜ਼ਾ ਭੁਗਤਣ ਲਈ ਪਟਿਆਲਾ ਜੇਲ੍ਹ ਗਏ ਗਾਇਕ ਦਲੇਰ ਮਹਿੰਦੀ ਨੂੰ ਅੱਜ ਗਾਇਕ ਤੇ ਸੰਸਦ ਮੈਂਬਰ ਹੰਸ ਰਾਜ ਹੰਸ ਤੇ ਅਦਾਕਾਰ ਹੌਬੀ ਧਾਲੀਵਾਲ ਮਿਲਣ ਪਹੁੰਚੇ। ਦੋਵਾਂ ਨੇ ਦਲੇਰ ਮਹਿੰਦੀ ਨਾਲ ਘੰਟਾ ਭਰ ਗੱਲਬਾਤ ਕੀਤੀ। ਇਹ ਦਲੇਰ ਮਹਿੰਦੀ ਦੀ ਪਲੇਠੀ ਮੁਲਾਕਾਤ ਸੀ, ਹਾਲਾਂਕਿ ਹੁਣ ਤੱਕ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਉਨ੍ਹਾਂ ਨੂੰ ਮਿਲਣ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਦਲੇਰ ਮਹਿੰਦੀ ਜੇਲ੍ਹ ’ਚ ਕਾਂਗਰਸੀ ਆਗੂ ਨਵਜੋਤ ਸਿੱਧੂ ਵਾਲੀ ਬੈਰਕ ਵਿੱਚ ਹੀ ਬੰਦ ਹੈ ਤੇ ਪਿਛਲਾ ਦਿਨ ਦੋਵਾਂ ਨੇ ਕਾਫੀ ਹਾਸਾ‘ਠੱਠਾ ਕਰਦਿਆਂ ਗੁਜ਼ਾਰਿਆ ਹੈਦ।
ਸੂਤਰਾਂ ਅਨੁਸਾਰ ਜੇਲ੍ਹ ਵਿੱਚ ਹਾਸਾ ਠੱਠਾ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਦਲੇਰ ਮਹਿੰਦੀ ਉਨ੍ਹਾਂ ਲਈ ਲੱਕੀ ਸਾਬਿਤ ਹੋਏ ਹਨ ਕਿਉਂਕਿ ਦਲੇਰ ਦੇ ਆਉਣ ਸਾਰ ਉਨ੍ਹਾਂ ਨੂੰ ਤਖ਼ਤਪੋਸ਼ ਮਿਲ ਗਿਆ ਹੈ। ਇਸੇ ਦੌਰਾਨ ਅਕਾਲੀ ਆਗੂ ਬਿਕਰਮ ਮਜੀਠੀਆ ਨਾਲ ਵੀ ਅੱਜ ਜੇਲ੍ਹ ਵਿੱਚ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ, ਚਰਨਜੀਤ ਬਰਾੜ ਅਤੇ ਜੋਧ ਸਿੰਘ ਨੇ ਮੁਲਾਕਾਤ ਕੀਤੀ।