ਖੇਤਰੀ ਪ੍ਰਤੀਨਿਧ
ਪਟਿਆਲਾ, 2 ਨਵੰਬਰ
ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ, ਸਨੌਰ, ਪਟਿਆਲਾ, ਸਮਾਣਾ ਅਤੇ ਸ਼ੁਤਰਾਣਾ ਵਿੱਚ ਯੋਗਤਾ ਪਹਿਲੀ ਜਨਵਰੀ 2022 ਦੇ ਆਧਾਰ ’ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਿਵੀਜ਼ਨ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਹੈ। ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੇ ਰਾਜਨੀਤਿਕ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਫੋਟੋ ਵੋਟਰ ਸੂਚੀਆਂ ਦਾ ਇੱਕ-ਇੱਕ ਸੈਟ ਅਤੇ ਸੀ.ਡੀ ਉਨ੍ਹਾਂ ਨੂੰ ਸੌਂਪੀ। ਏਡੀਸੀ ਨੇ ਦੱਸਿਆ ਕਿ ਪਹਿਲੀ ਨਵੰਬਰ ਤੋਂ 30 ਨਵੰਬਰ ਤੱਕ ਆਮ ਜਨਤਾ ਤੋਂ ਫਾਰਮ ਨੰਬਰ 6, 7, 8, 8ਓ ਵਿੱਚ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ। 6 ਨਵੰਬਰ, 7 ਨਵੰਬਰ, 20 ਨਵੰਬਰ ਅਤੇ 21 ਨਵੰਬਰ ਨੂੰ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾ ਕੇ ਬੀ.ਐਲ.ਓਜ਼ ਵੱਲੋਂ ਫਾਰਮ ਪ੍ਰਾਪਤ ਕੀਤੇ ਜਾਣੇ ਹਨ। ਜਿਸ ਦੀ ਉਮਰ 1 ਜਨਵਰੀ 2022 ਨੂੰ 18 ਸਾਲ ਜਾਂ ਵੱਧ ਹੈ, ਦਾ ਨਾਮ ਲਾਜ਼ਮੀ ਤੌਰ ’ਤੇ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਅਤੇ ਇਨ੍ਹਾਂ ਦੀ ਭਾਰਤ ਦੇ ਲੋਕਤੰਤਰ ਵਿੱਚ 100 ਪ੍ਰਤੀਸ਼ਤ ਸਮੂਲੀਅਤ ਕਰਨ ਦਾ ਟੀਚਾ ਰੱਖਿਆ ਹੈ। ਜ਼ਿਲ੍ਹਾ ਚੋਣ ਅਫਸਰ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਹਰੇਕ ਪੋਲਿੰਗ ਸਟੇਸ਼ਨ ’ਤੇ ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਲਈ ਕਿਹਾ। ਮੀਟਿੰਗ ਵਿੱਚ ਅਕਾਲੀ ਦਲ ਤੋਂ ਭੋਲਾ ਸਿੰਘ ਅਤ ਕਾਂਗਰਸ ਤੋਂ ਮਹਿੰਦਰ ਸਿੰਘ ਪੁੱਜੇ ਹੋਏ ਸਨ।ਚੋਣ ਤਹਿਸੀਲਦਾਰ ਰਾਮਜੀ ਲਾਲ, ਚੋਣ ਕਾਨੂੰਗੋ ਪ੍ਰਿਅੰਕਾ ਰਾਣੀ ਅਤੇ ਕੁਲਜੀਤ ਸਿੰਘ ਹਾਜ਼ਰ ਸਨ।