ਗੁਰਨਾਮ ਸਿੰਘ ਚੌਹਾਨ/ਸ਼ਾਹਬਾਜ਼ ਸਿੰਘ
ਪਾਤੜਾਂ/ਘੱਗਾ, 13 ਫਰਵਰੀ
ਹਲਕਾ ਸ਼ੁਤਰਾਣਾ ਰਾਖਵਾਂ ਦੇ ਚੋਣ ਮੈਦਾਨ ਵਿੱਚ ਅਫਸਰਸ਼ਾਹੀ ਦਾ ਸਿੱਧਾ ਤੇ ਅਸਿੱਧਾ ਬੋਲਬਾਲਾ ਹੈ। ਕਾਂਗਰਸ ਪਾਰਟੀ ਵੱਲੋਂ ਉਤਾਰੇ ਗਏ ਉਮੀਦਵਾਰ ਦਰਬਾਰਾ ਸਿੰਘ ਬਣਵਾਲਾ ਪੰਜਾਬ ਸਰਕਾਰ ਦੇ ਇਕ ਸਾਬਕਾ ਅਧਿਕਾਰੀ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਉਮੀਦਵਾਰ ਵਨਿੰਦਰ ਕੌਰ ਲੂੰਬਾ ਦੇ ਪਤੀ ਕਰਨ ਸਿੰਘ ਪੰਜਾਬ ਸਰਕਾਰ ਵਿੱਚ ਸਿਵਲ ਅਫਸਰ ਹਨ। ਇਹੀ ਨਹੀਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਅਮਰਜੀਤ ਸਿੰਘ ਘੱਗਾ ਸੇਵਾਮੁਕਤ ਕਮਿਸ਼ਨਰ ਤੇ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਉਮੀਦਵਾਰ ਨਰਾਇਣ ਸਿੰਘ ਨਰਸੋਤ ਵੀ ਪੰਜਾਬ ਪੁਲੀਸ ਦੇ ਸਾਬਕਾ ਅਫ਼ਸਰ ਹਨ। ਹਲਕਾ ਸ਼ੁਤਰਾਣਾ ਨੂੰ ਪਛੜਿਆ ਹਲਕਾ ਗਿਣਿਆ ਜਾਂਦਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਚੋਣ ਮੈਦਾਨ ਵਿੱਚ ਪ੍ਰਮੁੱਖ ਪਾਰਟੀਆਂ ਦੇ ਪੜ੍ਹੇ-ਲਿਖੇ ਅਫ਼ਸਰਾਂ ਦੀ ਤੂਤੀ ਹੈ।
ਇਸੇ ਦੌਰਾਨ ਹਲਕੇ ਵਿੱਚ ਅਕਾਲੀ ਦਲ ਤੇ ਬਸਪਾ ਅਤੇ ਕਾਂਗਰਸ ਦੇ ਉਮੀਦਵਾਰ ਦਰਬਾਰਾ ਸਿੰਘ ਵਿਚਕਾਰ ਮੁਕਾਬਲਾ ਸਪੱਸ਼ਟ ਹੁੰਦਾ ਨਜ਼ਰ ਆ ਰਿਹਾ ਹੈ। ਹਲਕੇ ਦੇ ਸਿਆਸੀ ਹਾਲਤ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਉਮੀਦਵਾਰ ਵਨਿੰਦਰ ਕੌਰ ਲੂੰਬਾ ਆਪਣੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕਾਰਜਾਂ ਤਹਿਤ ਪ੍ਰਚਾਰ ਕਰਦੇ ਹਨ ਉੱਥੇ ਦਰਬਾਰਾ ਸਿੰਘ ਬਣਵਾਲਾ ਕਾਂਗਰਸ ਪਾਰਟੀ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ ਗਿਣਤੀ ਕਰਵਾ ਰਹੇ ਹਨ,ਜਿਨ੍ਹਾਂ ਵਿੱਚ ਭਾਖੜਾ ਦੇ ਪੁਲ, ਮੰਡੀਆਂ, ਸੜਕਾਂ, ਘੱਗਰ ਦਰਿਆ ਦਾ ਬਾਦਸ਼ਾਹਪੁਰ ਬੰਨ੍ਹ, ਬਕਰਾਹਾ ਆਈਟੀਆਈ ਤੇ ਸਕੂਲ ਆਦਿ ਸ਼ਾਮਲ ਹਨ।
ਇਸੇ ਦਰਮਿਆਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਬਾਜ਼ੀਗਰ ਬੇਸ਼ੱਕ ਪਿਛਲੇ ਛੇ ਮਹੀਨੇ ਤੋਂ ਆਪਣੇ ਚੋਣ ਪ੍ਰਚਾਰ ਵਿੱਚ ਹੈ ਲੇਕਿਨ ਟਿਕਟ ਨਾ ਮਿਲਣ ਕਾਰਨ ਪਾਰਟੀ ਦੇ ਬਾਗੀ ਉਮੀਦਵਾਰ ਨਰਾਇਣ ਸਿੰਘ ਨਰਸੋਤ ਵੀ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਦੀ ਟਿਕਟ ਲੈ ਕੇ ਮੈਦਾਨ ਵਿੱਚ ਹਨ। ਉਨ੍ਹਾਂ ਦੀ ਹਲਕੇ ਦੇ ਸ਼ਹਿਰੀ ਵੋਟਰਾਂ ਸਮੇਤ ਬਾਜ਼ੀਗਰ ਬਰਾਦਰੀ ਉੱਤੇ ਉਸ ਦੀ ਚੰਗੀ ਪਕੜ ਹੈ, ਇਹੀ ਨਹੀਂ ਡੇਰਾ ਪ੍ਰੇਮੀਆਂ ਦੀ ਵੋਟ ਵੀ ਨਰਸੋਤ ਨੂੰ ਭੁਗਤ ਸਕਦੀ ਹੈ। ਹਲਕੇ ਵਿੱਚ ਆਮ ਆਦਮੀ ਪਾਰਟੀ ਲਈ ਮੁਸ਼ਕਲ ਇਹ ਹੈ ਕਿ ਜਿਥੇ 2017 ਵਿੱਚ ਪਾਰਟੀ ਦੀ ਟਿਕਟ ਉੱਤੇ ਚੋਣ ਲੜ ਚੁੱਕੀ ਪਲਵਿੰਦਰ ਕੌਰ ਹਰਿਆਉ ‘ਆਪ’ ਦੇ ਉਮੀਦਵਾਰ ਕੁਲਵੰਤ ਬਾਜ਼ੀਗਰ ਦਾ ਸਖਤ ਵਿਰੋਧ ਕਰ ਰਹੀ ਹੈ, ਉੱਥੇ ਸਾਬਕਾ ਮੰਤਰੀ ਹਮੀਰ ਸਿੰਘ ਘੱਗਾ ਦੇ ਪੁੱਤਰ ਲਾਡੀ ਘੱਗਾ ਵੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਗਏ ਹਨ। ਇਸ ਤੋਂ ਪਹਿਲਾਂ ਆਪ ਦੇ ਹਲਕਾ ਇੰਚਾਰਜ ਦਵਿੰਦਰ ਸਿੰਘ ਬਰਾਸ ਵੀ ਆਮ ਆਦਮੀ ਪਾਰਟੀ ਨੂੰ ਛੱਡ ਚੁੱਕੇ ਹਨ।
ਇਸੇ ਦਰਮਿਆਨ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਅਮਰਜੀਤ ਸਿੰਘ ਘੱਗਾ ਇਲਾਕੇ ਵਿੱਚ ਸਮਾਜ ਸੇਵਾ ਦੇ ਚੰਗੇ ਕਾਰਜਾਂ ਸਦਕਾ ਘੱਗਾ ਸਰਕਲ ਵਿੱਚ ਕਿਸਾਨਾਂ ਅਤੇ ਕਸਬੇ ਦੇ ਲੋਕਾਂ ਦਾ ਚੰਗਾ ਸਮਰਥਨ ਲੈ ਰਹੇ ਹਨ। ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਇਹ ਹੈ ਕਿ ਨਗਰ ਪੰਚਾਇਤ ਘੱਗਾ ਦੇ ਕਾਂਗਰਸੀ ਮਹਿਲਾ ਪ੍ਰਧਾਨ ਦੇ ਸ਼ਾਮਲ ਹੋਣ ਦਾ ਵੀ ਪਾਰਟੀ ਨੂੰ ਕੋਈ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਲੇਕਿਨ ਬਾਦਸ਼ਾਹਪੁਰ ਸਰਕਲ ਵਿਚ ਅਕਾਲੀ ਦਲ ਦਾ ਸਾਹ ਸੌਖਾ ਦੱਸਿਆ ਜਾ ਰਿਹਾ ਹੈ ਜਿਥੇ ਕਾਂਗਰਸ ਦੇ ਜ਼ਿਲਾ ਜਨਰਲ ਸਕੱਤਰ ਤੇਜ ਗੋਇਲ ਕਾਂਗਰਸ ਛੱਡ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ।