ਪੱਤਰ ਪ੍ਰੇਰਕ
ਦੇਵੀਗੜ੍ਹ, 10 ਮਈ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਡ੍ਰੇਨ ਵਿਭਾਗ ਦੇ ਐਕਸੀਅਨ ਰਮਨ ਬੈਂਸ, ਮੰਡੀ ਬੋਰਡ ਦੇ ਐਸ.ਡੀ.ਓ. ਅੰਮ੍ਰਿਤਪਾਲ ਸਿੰਘ ਅਤੇ ਜੇ.ਈ. ਹਰਸ਼ਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਵੱਖ ਵੱਖ ਡਰੇਨਾਂ ਅਤੇ ਬਰਸਾਤੀ ਨਾਲਿਆਂ ਤੋਂ ਇਲਾਵਾ ਘੱਗਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਰਣਜੋਧ ਸਿੰਘ ਹੜਾਨਾ ਪ੍ਰਧਾਨ ਆਮ ਆਦਮੀ ਪਾਰਟੀ ਬੀ.ਸੀ. ਵਿੰਗ ਵੀ ਮੌਜੂਦ ਸਨ। ਇਸ ਮੌਕੇ ਪਠਾਣਮਾਜਰਾ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਹਲਕਾ ਸਨੌਰ ਹੜ੍ਹਾਂ ਤੋਂ ਮੁਕਤ ਹੋਵੇ ਅਤੇ ਹੁਣ ਲੋਕਾਂ ਨੇ ਉਨ੍ਹਾਂ ਨੂੰ ਹਲਕੇ ਦਾ ਨੁਮਾਇੰਦਾ ਵੀ ਚੁਣਿਆ ਹੈ ਅਤੇ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੈ। ਇਸ ਲਈ ਉਹ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਕੰਮ ਕਰਨਗੇ ਅਤੇ ਆਪਣੇ ਹਲਕੇ ਨੂੰ ਹੜ੍ਹਾਂ ਤੋਂ ਮੁਕਤ ਜ਼ਰੂਰ ਕਰਨਗੇ। ਇਸ ਲਈ ਅੱਜ ਉਨ੍ਹਾਂ ਡਰੇਨ ਅਧਿਕਾਰੀਆਂ ਨਾਲ ਪਿੰਡ ਭੈਣੀ, ਘੜਾਮ, ਮਗਰ ਸਾਹਿਬ, ਮਸੀਂਗਣ, ਪੁਰ, ਹੜਾਣਾ ਅਤੇ ਸਾਰੇ ਬਰਸਾਤੀ ਨਾਲਿਆਂ ਅਤੇ ਘੱਗਰ ਦਾ ਨਿਰੀਖਣ ਕੀਤਾ। ਇਸ ਵਿੱਚ ਡਰੇਨ ਨਾਲਿਆਂ ਦੀ ਸਫਾਈ, ਖੁਦਾਈ ਅਤੇ ਪਿੰਡ ਪੁਰ ਅਤੇ ਹੜਾਨਾ ਦੇ ਪੁਲਾਂ ਨੂੰ ਬਚਾਉਣ ਲਈ ਸਾਈਡਾਂ ’ਚ ਪੱਥਰ ਲਾਉਣਾ ਅਤੇ ਪੁਲਾਂ ਦੇ ਹੇਠਾਂ ਪਾਣੀ ਦਾ ਲੈਵਲ ਉੱਚਾ ਕਰਨ ਲਈ ਬੈੱਡ ਬਣਾਉਣ ਅਤੇ ਘੱਗਰ ’ਚ ਪੜਾਅ ਦਰ ਪੜਾਅ ਪਾਣੀ ਖੜ੍ਹਾ ਕਰਨ ਲਈ ਠੋਕਰਾਂ ਬਨਾਉਣ ਦੇ ਐਸਟੀਮੇਟ ਲਗਾਏ ਗਏ। ਉਨ੍ਹਾਂ ਕਿਹਾ ਕਿ ਇਹ ਕੰਮ ਜਲਦੀ ਹੀ ਸ਼ੁਰੂ ਕੀਤੇ ਜਾਣਗੇ। ਇਸ ਨਾਲ ਲੋਕਾਂ ਨੂੰ ਹੜ੍ਹਾਂ ਤੋਂ ਨਿਜਾਤ ਮਿਲੇਗੀ। ਇਸ ਮੌਕੇ ਰਣਜੋਧ ਸਿੰਘ ਹੜਾਣਾ ਨੇ ਵੀ ਸੰਬੋਧਨ ਕੀਤਾ।