ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ 29 ਦਸੰਬਰ
ਪਿੰਡ ਖਡੌਲੀ ਦੀ ਹਰਜਿੰਦਰ ਕਲੋਨੀ ਵਿੱਚ ਗੁਰਜੰਟ ਸਿੰਘ (50) ਆਪਣੀਆਂ ਦੋ ਲੜਕੀਆਂ ਅਤੇ ਇੱਕ ਲੜਕੇ ਨਾਲ ਕਿਰਾਏ ਮਕਾਨ ਦੇ ਮਕਾਨ ਵਿੱਚ ਗੁਰਬਤ ਭਰੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੈ। ਗੁਰਜੰਟ ਸਿੰਘ (50) ਪੁੱਤਰ ਸੁਰਜੀਤ ਸਿੰਘ ਸ਼ੂਗਰ ਅਤੇ ਬਵਾਸੀਰ ਸਮੇਤ ਹੋਰਨਾਂ ਗੰਭੀਰ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਕਈ ਮਹੀਨੇ ਤੋਂ ਮੰਜੇ ’ਤੇ ਪਿਆ ਹੈ।
ਗੁਰਜੰਟ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਕਰੀਬ 7 ਸਾਲ ਪਹਿਲਾਂ ਫੌਤ ਹੋ ਚੁੱਕੇ ਹਨ। ਉਸ ਨੇ ਕਰੀਬ ਢਾਈ ਦਹਾਕੇ ਕੋਲਕਾਤਾ (ਪੱਛਮੀ ਬੰਗਾਲ) ਵਿੱਚ ਟਰੱਕ ਡਰਾਈਵਰੀ ਕਰਕੇ ਪਿੰਡ ਖਡੌਲੀ ਵਿੱਚ ਆਪਣਾ ਘਰ ਉਸਾਰਿਆ ਸੀ, ਜਿਹੜੇ ਕੈਂਸਰ ਪੀੜਤ ਪਤਨੀ ਕੰਵਲਜੀਤ ਕੌਰ ਦੇ ਇਲਾਜ ਲਈ ਤਿੰਨ ਸਾਲ ਪਹਿਲਾਂ ਵੇਚਣਾ ਪਿਆ ਪਰ ਪਤਨੀ ਨਾ ਬਚ ਸਕੀ। ਹੁਣ ਤਿੰਨ ਸਾਲਾਂ ਉਹ ਤੋਂ ਆਪਣੇ ਬੱਚਿਆਂ ਸਮੇਤ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ ਪਰ ਇੱਕ ਸਾਲ ਤੋਂ ਕਿਰਾਇਆ ਨਾ ਦੇਣ ਕਾਰਨ ਮਾਲਕ ਮਕਾਨ ਖਾਲੀ ਕਰਨ ਲਈ ਮਜਬੂਰ ਕਰ ਰਿਹਾ ਹੈ। ਬਿਜਲੀ ਦਾ ਕੁਨੈਕਸ਼ਨ ਵੀ ਕੱਟਿਆ ਗਿਆ। ਆਪਣੀ ਬਿਮਾਰੀ ਦੇ ਇਲਾਜ ਅਤੇ ਆਰਥਿਕ ਤੰਗੀ ਕਾਰਨ ਉਸ ਦਾ ਪਰਿਵਾਰ ਰੋਜੀ ਰੋਟੀ ਤੋਂ ਮੁਥਾਜ ਹੁੰਦਾ ਜਾ ਰਿਹਾ ਹੈ। ਗੁਰਬਤ ਕਾਰਨ ਦੋ ਬੱਚੀਆਂ ਤੇ ਬੇਟੇ ਦੀ ਪੜ੍ਹਾਈ ਜਾਰੀ ਰੱਖਣੀ ਵੀ ਮੁਸ਼ਕਲ ਹੋ ਰਹੀ ਹੈ। ਸਰਕਾਰ ਵੱਲੋਂ ਉਸ ਨੂੰ ਕੋਈ ਵੀ ਸਹਾਇਤਾ ਨਹੀਂ ਮਿਲ ਰਹੀ। ਗੁਰਜੰਟ ਸਿੰਘ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ ਪਿੰਡ ਦੇ ਸਰਪੰਚ ਜੋਰਾ ਸਿੰਘ ਨੇ ਕਿਹਾ ਕਿ ਗੁਰਜੰਟ ਸਿੰਘ ਦੇ ਪਰਿਵਾਰ ਦੀ ਹਾਲਤ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ। ਪਰ ਹੁਣ ਬੀਡੀਪੀਓ ਸ਼ੰਭੂ ਕਲਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।