ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਸਤੰਬਰ
ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਵੱਲੋਂ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠਾਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ 97ਵਾਂ ਜਨਮ ਦਿਨ ਸਨੌਰ ਰੋਡ ’ਤੇ ਸਥਿਤ ਆਲ ਇੰਡੀਆ ਪਿੰਗਲਵਾੜਾ ਆਸ਼ਰਮ ਸਨੌਰ ਵਿੱਚ ਮਨਾਇਆ ਗਿਆ। ਇਸ ਦੌਰਾਨ ਆਸ਼ਰਮ ਵਿਚਲੇ ਮੰਦਬੁੱਧੀ ਮਰੀਜ਼ਾਂ, ਸਮਾਜ ਵੱਲੋਂ ਅਣਗੌਲੇ ਅਤੇ ਬੇਸਹਾਰਾ ਵਿਅਕਤੀਆਂ ਨੂੰ ਫਲ-ਫਰੂਟ ਅਤੇ ਭੋਜਨ ਛਕਾਇਆ ਗਿਆ। ਇਸ ਮੌਕੇ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਹਮੇਸ਼ਾ ਹੀ ਸਮਾਜ ਦੇ ਦੱਬੇ-ਕੁਚਲੇ ਅਤੇ ਜ਼ਰੂਰਤਮੰਦ ਲੋਕਾਂ ਦੀ ਬਾਂਹ ਫੜੀ, ਜੋ ਅੱਜ ਵੀ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਵੱਲੋਂ ਵਿਖਾਏ ਪੂਰਨਿਆਂ ’ਤੇ ਚੱਲਦਿਆਂ, ਅੱਜ ਚੈਰੀਟੇਬਲ ਟਰੱਸਟ ਵੱਲੋਂ ਸੇਵਾ ਦੇ ਕਾਰਜਾਂ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ। ਜਥੇਦਾਰ ਟੌਹੜਾ ਨੇ ਕਿਹਾ ਕਿ ਸਮਾਜ ’ਚ ਆਪਣਿਆਂ ਵੱਲੋਂ ਦੁਰਕਾਰੇ ਅਤੇ ਵਿਸਾਰੇ ਲੋਕਾਂ ਦੀ ਇਸ ਪਿੰਗਲਵਾੜਾ ਆਸ਼ਰਮ ਵਿਚ ਮੁੱਖ ਸੰਚਾਲਕ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠਾਂ ਸੇਵਾ ਕੀਤੀ ਜਾ ਰਹੀ ਹੈ, ਜੋ ਸਮਾਜ ਦੀ ਵੱਡੀ ਅਤੇ ਮਹਾਨ ਸੇਵਾ ਹੈ।