ਗੁਰਨਾਮ ਸਿੰਘ ਚੌਹਾਨ
ਪਾਤੜਾਂ, 5 ਅਪਰੈਲ
ਪਿੰਡ ਗੁਲਾੜ੍ਹ ਦੇ ਪਤਵੰਤਿਆਂ ਨੇ ਗੁਰੂਘਰ ਵਿੱਚ ਇਕੱਠੇ ਹੋ ਕੇ ਸਮੂਹਿਕ ਰੂਪ ਵਿੱਚ ਸਹੁੰ ਚੁੱਕ ਕੇ ਨਸ਼ਿਆਂ ਖ਼ਿਲਾਫ਼ ਲੜਾਈ ਸ਼ੁਰੂ ਕਰਨ ਦਾ ਬਿਗਲ ਵਜਾਇਆ ਹੈ। ਇਸੇ ਦੌਰਾਨ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਫਸ ਚੁੱਕੇ ਨੌਜਵਾਨਾਂ ਦਾ ਇਲਾਜ ਕਰਵਾਉਣ ਅਤੇ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਹਲਕਾ ਸ਼ੁਤਰਾਣਾ ਦਾ ਇਹ ਦੂਸਰਾ ਪਿੰਡ ਹੈ ਜਿਸ ਦੇ ਨਸ਼ਿਆਂ ਦੇ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ।
ਗ੍ਰਾਮ ਪੰਚਾਇਤ ਗੁਲਾਹੜ ਦੇ ਸਰਪੰਚ ਬੂਟਾ ਸਿੰਘ, ਗੁਰੂ ਤੇਗ ਬਹਾਦਰ ਨਗਰ ਦੇ ਸਰਪੰਚ ਅਜੈਬ ਸਿੰਘ, ਸ਼ਹੀਦ ਭਗਤ ਸਿੰਘ ਨਗਰ ਦੇ ਸਰਪੰਚ ਅਵਤਾਰ ਸਿੰਘ ਅਤੇ ਗੁਲਾਹੜ ਖੁਰਦ ਦੇ ਸਰਪੰਚ ਲਖਵਿੰਦਰ ਸਿੰਘ, ਨੰਬਰਦਾਰ ਹਰਬੰਸ ਸਿੰਘ, ਬਲਾਕ ਸਮਿਤੀ ਮੈਂਬਰ ਪਿਆਰ ਰਾਮ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਕੁਮਾਰ ਦੱਸਿਆ ਕਿ ਪਿੰਡ ਵਿੱਚ ਤਿੰਨ ਦਰਜਨ ਦੇ ਕਰੀਬ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਹਨ ਜਦੋਂ ਕਿ ਕੁਝ ਲੋਕ ਤਸਕਰੀ ਦਾ ਕੰਮ ਧੜੱਲੇ ਨਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਹਰਿਆਣਾ ਸਰਹੱਦ ਨੇੜਲੇ ਹਰਿਆਣਾ ਦੇ ਪਿੰਡਾਂ ਤੋਂ ਅਫ਼ੀਮ, ਭੁੱਕੀ, ਗੋਲੀਆਂ, ਚਿੱਟਾ ਅਤੇ ਸਮੈਕ ਆਦਿ ਪਿੰਡ ਵਿੱਚ ਆ ਰਿਹਾ ਹੈ ਜਿਸ ਕਰਕੇ ਨੌਜਵਾਨਾਂ ਦਾ ਭਵਿੱਖ ਤਬਾਹ ਹੋਣ ਦਾ ਡਰ ਬਣਿਆ ਹੋਇਆ ਹੈ। ਪਤਵੰਤੇ ਵਿਅਕਤੀਆਂ ਨੇ ਦੋਸ਼ ਲਗਾਇਆ ਕਿ ਕੁਝ ਪੁਲੀਸ ਕਰਮਚਾਰੀ ਨਸ਼ੇ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਮਹਿਜ਼ ਖ਼ਾਨਾਪੂਰਤੀ ਕਰਦੇ ਹਨ ਜਿਸ ਕਰਕੇ ਨਾ ਸਿਰਫ ਨੌਜਵਾਨ ਨਸ਼ਿਆਂ ਦੇ ਗੁਲਾਮ ਹੋਏ ਸਗੋਂ ਪਿੰਡ ਵੱਡੇ ਪੱਧਰ ਉੱਤੇ ਬਦਨਾਮ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਫੈਸਲਾ ਲਿਆ ਹੈ ਕਿ ਨਸ਼ੇ ਦੀ ਤਸਕਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਛੁਡਾਉਣ ਜਾਂ ਉਸ ਦੀ ਕਿਸੇ ਤਰ੍ਹਾਂ ਦੀ ਮਦਦ ਲਈ ਕੋਈ ਪਿੰਡ ਵਾਸੀ ਨਹੀਂ ਜਾਵੇਗਾ ਸਗੋਂ ਪਤਵੰਤੇ ਤਸਕਰੀ ਕਰਨ ਵਾਲੇ ਦੇ ਘਰ ਜਾ ਕੇ ਉਸ ਨੂੰ ਸਮਝਾ ਕੇ ਕੰਮ ਬੰਦ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਆਗੂਆਂ ਨੇ ਕਿਹਾ ਕਿ ਨਸ਼ੇ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਨੌਜਵਾਨ ਉਨ੍ਹਾਂ ਦੇ ਬੱਚੇ ਹਨ ਇਸ ਲਈ ਨਸ਼ਾ ਛੱਡਣ ਦੇ ਚਾਹਵਾਨਾਂ ਦਾ ਇਲਾਜ ਕਰਵਾਉਣ ਦੀ ਜ਼ਿੰਮੇਵਾਰੀ ਪੰਚਾਇਤਾਂ ਚੁੱਕਣਗੀਆਂ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਰ ਕੋਈ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਬਿਨਾਂ ਕਿਸੇ ਝਿਜਕ ਦੇ ਪੰਚਾਇਤ ਵਿੱਚ ਸ਼ਾਮਲ ਕਿਸੇ ਵੀ ਪਤਵੰਤੇ ਵਿਅਕਤੀ ਨੂੰ ਦੱਸ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ, ਸਵਰਨ ਸਿੰਘ, ਦਲੇਰ ਸਿੰਘ ਪੰਚ, ਰਵਿੰਦਰ ਕੁਮਾਰ , ਜਸਵੰਤ ਸਿੰਘ, ਤਰਸੇਮ ਸਿੰਘ, ਗੁਰਮੇਜ ਸਿੰਘ ਪੰਚ ਅਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।